ਤਰਨਤਾਰਨ- ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਕਲਸੀਆਂ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਹਿਜ਼ 50 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਟ ਮਾਰ ਕੇ ਨੌਜਵਾਨ ਦਾ ਕਤਲ ਕਰ ਦੇਣ ਦੀ ਖਬਰ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਸਾਹਬ ਸਿੰਘ ਉਰਫ ਬੱਗੋ ਪੁੱਤਰ ਰਾਜ ਸਿੰਘ ਵਾਸੀ ਕਲਸੀਆਂ ਵਜੋਂ ਹੋਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਪੁੱਤਰ ਰਾਜ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਗਵਾਂਢੀ ਕੁਲਦੀਪ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਭੁੱਚਰ ਵਿਖੇ ਵਾਟਰ ਸਪਲਾਈ ਦੀ ਪੈ ਰਹੀ ਪਾਇਪ ਲਾਈਨ ਤੇ ਠੇਕੇਦਾਰ ਨਾਲ ਦਿਹਾੜੀ ਦਾ ਕੰਮ ਕਰਦੇ ਹਨ ਅਤੇ ਇਕ ਦਿਨ ਠੇਕੇਦਾਰ ਵੱਲੋਂ ਜਦੋਂ ਦਿਹਾੜੀ ਦਿੱਤੀ ਗਈ ਤਾਂ ਕੁਲਦੀਪ ਸਿੰਘ ਵੱਲੋਂ ਉਸ ਦੀ ਦਿਹਾੜੀ ਦੇ ਪੈਸਿਆਂ ਵਿਚੋਂ ਵੀ 50 ਰੁਪਏ ਵੱਧ ਰੱਖ ਲਏ । ਪਰ ਬੀਤੀ ਰਾਤ ਜਦੋਂ ਉਕਤ ਨੌਜਵਾਨ ਕੁਲਦੀਪ ਸਿੰਘ ਪਾਸੋਂ ਜਸਕਰਨ ਸਿੰਘ ਵੱਲੋਂ ਉਸ ਦੇ ਪੈਸਿਆਂ ਵਿਚੋਂ ਵੱਧ ਰੱਖੇ ਪੈਸੇ ਵਾਪਸ ਮੰਗੇ ਤਾਂ ਉਕਤ ਨੌਜਵਾਨ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਨਾਲ ਝਗੜਾ ਕੀਤਾ ਗਿਆ।
ਮ੍ਰਿਤਕ ਦੇ ਭਰਾ ਨੇ ਕਿਹਾ ਕਿ ਗਵਾਂਢ ਦੇ ਲੋਕਾਂ ਵੱਲੋਂ ਮਸਲਾ ਸ਼ਾਤ ਕਰਵਾ ਦਿੱਤਾ ਗਿਆ ਪਰ ਬਾਅਦ ਵਿੱਚ ਉਕਤ ਰੰਜਿਸ਼ ਨੂੰ ਲੈ ਕੇ ਤੈਸ਼ ਵਿੱਚ ਆਏ ਕੁਲਦੀਪ ਸਿੰਘ, ਸ਼ੇਰਾ ਸਿੰਘ ,ਤਾਰਾ ਸਿੰਘ,ਸਰਵਣ ਸਿੰਘ ਅਤੇ ਗੋਸ਼ਾ ਨਾਮਕ ਵਿਅਕਤੀਆਂ ਵੱਲੋਂ ਉਸਦੇ ਛੋਟੇ ਭਰਾ ਗੁਰਸਾਹਿਬ ਸਿੰਘ ਉਰਫ ਬੱਗਾ ਨੂੰ ਘਰੋਂ ਧੂਹ ਕੇ ਲੈ ਗਏ ਅਤੇ ਬਾਹਰ ਲਿਆਕੇ ਸਿਰ ਵਿੱਚ ਇੱਟਾਂ ਮਾਰ ਮਾਰ ਕੇ ਉਸਦਾ ਕਤਲ ਕਰ ਦਿੱਤਾ ।
ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਅਤੇ ਭੂਆ ਜੋਗਿੰਦਰ ਕੌਰ ਨੇ ਭਿੱਖੀਵਿੰਡ ਪੁਲਸ ਪਾਸੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ।ਉੱਥੇ ਹੀ ਜਦ ਇਸ ਮਾਮਲੇ ਸਬੰਧੀ ਡੀ ਐੱਸ ਪੀ ਭਿੱਖੀਵਿੰਡ ਤਰਸੇਮ ਮਸੀਹ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਗੁਰਸਾਹਿਬ ਸਿੰਘ ਉਰਫ ਬੱਗੋ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਜਾਂਚ ਦੇ ਬਾਅਦ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ ।