ਚੰਡੀਗੜ੍ਹ: ਬੀਜੇਪੀ ਦੇ ਸੀਨੀਅਰ ਲੀਡਰ ਤਰੁਣ ਚੁੱਘ ਨੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਹੇ ਨਵਜੋਤ ਸਿੰਘ ਸਿੱਧੂ ਨੂੰ ਤਿੱਖੇ ਸਵਾਲ ਕੀਤੇ ਹਨ।ਬੇਅਦਬੀ ਕਾਂਡ ਨੂੰ ਲੈ ਕੇ ਸਿੱਧੂ ਦੇ ਬਿਆਨਾਂ ਮਗਰੋਂ ਤਰੁਣ ਚੁੱਘ ਨੇ ਸ਼ੁਕਰਵਾਰ ਨੂੰ ਉਨ੍ਹਾਂ ਤੇ ਸ਼ਬਦੀ ਹਮਲਾ ਬੋਲਿਆ।
ਚੁੱਘ ਨੇ ਸਵਾਲ ਕਰਦੇ ਹੋਏ ਪੁੱਛਿਆ, " ਅੱਜ ਸੱਤਾ ਜਾਣ ਵਾਲੀ ਹੈ ਤਾਂ ਸਿੱਧੂ ਨੂੰ ਆਪਣੀ ਸਰਕਾਰ ਤੇ ਸਵਾਲ ਚੁੱਕਣ ਦਾ ਚੇਤਾ ਆ ਗਿਆ, ਚਾਰ ਸਾਲ ਪਹਿਲਾਂ ਕਿਉਂ ਚੁੱਪ ਸੀ।ਅੱਜ ਸਿੱਧੂ ਬੇਅਦਬੀ ਦਾ ਹਿਸਾਬ ਮੰਗ ਰਹੇ ਹਨ।50 ਮਹੀਨੇ ਤੱਕ ਸਰਕਾਰ ਵਿੱਚ ਰਹੇ ਉਦੋਂ ਕੀ ਹੋਇਆ।ਸਿੱਧੂ ਨੂੰ ਪੰਜਾਬ ਦਾ ਕੋਈ ਸਰੋਕਾਰ ਨਹੀਂ ਹੈ ਸਿਰਫ ਗੱਲਾਂ ਹੀ ਹਨ।" ਚੁੱਘ ਨੇ ਅੱਗੇ ਕਿਹਾ ਕਿ, "ਕੈਪਟਨ ਨਾਲ ਲੰਚ ਕਰਨ ਗਏ ਤਾਂ ਉਦੋਂ ਚਿੱਟੇ ਤੇ ਬੇਅਦਬੀ ਦੀ ਗੱਲ ਕਿਉਂ ਨਹੀਂ ਕੀਤੀ।"
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ 'ਤੇ ਹਮਲੇ ਸਾਧਦੇ ਨਜ਼ਰ ਆਏ। ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਕੈਪਟਨ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਡਰੱਗਸ ਤੇ ਬੇਅਦਬੀ ਮਾਮਲਿਆਂ 'ਚ ਲੋਕਾਂ ਨੂੰ ਇਨਸਾਫ ਦੇਣ ਵਿੱਚ ਨਾਕਾਮਯਾਬ ਰਹੀ ਹੈ।
ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ 2017 'ਚ ਦੋ ਵੱਡੇ ਮੁੱਦਿਆਂ ਕਰਕੇ ਪੰਜਾਬ 'ਚ ਸਰਕਾਰ ਬਦਲੀ ਸੀ। ਸਰਕਾਰ ਬਦਲਣ ਦੇ ਚਾਰ ਸਾਲ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਹੀ ਹਨ। ਦੋਵਾਂ 'ਚ ਕੁਝ ਨਹੀਂ ਬਦਲਿਆ। ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।
ਨਵਜੋਤ ਸਿੱਧੂ ਨੇ ਕਿਹਾ ਕਿ STF ਦੀ ਰਿਪੋਰਟ 'ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਧਰ ਸਰਕਾਰ ਬੇਅਦਬੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਅਕਸਰ ਕਸੂਰਵਾਰਾਂ ਨੂੰ ਫੜਿਆ ਨਹੀਂ ਗਿਆ ਤੇ ਲੋਕ ਅੱਜ ਵੀ ਇਨਸਾਫ਼ ਦਾ ਹੀ ਇੰਤਜ਼ਾਰ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਦੋਵੇਂ ਮਾਮਲਿਆਂ 'ਚ ਟੌਪ ਦੇ ਲੋਕਾਂ 'ਤੇ ਸ਼ਿਕੰਜਾ ਨਹੀਂ ਕੱਸਿਆ ਜਾਂਦਾ ਜਿਸ ਕਰਕੇ ਸਰਕਾਰ ਲੋਕਾਂ 'ਚ ਆਪਣਾ ਯਕੀਨ ਗੁਆ ਚੁੱਕੀ ਹੈ।
ਉਨ੍ਹਾਂ ਆਪਣੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੋਟਕਪੂਰਾ ਕਾਂਡ ਵੇਲੇ ਤਤਕਾਲੀ ਮੁੱਖ ਮੰਤਰੀ ਨੇ ਡੀਜੀਪੀ ਨੂੰ ਕੀ ਆਦੇਸ਼ ਦਿੱਤੇ ਸੀ? ਸਿਆਸੀ ਲੋਕਾਂ ਨੂੰ ਜਾਂਚ ਵਿੱਚ ਕਿਉਂ ਬਖਸ਼ਿਆ ਜਾਂਦਾ ਹੈ? ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਏ ਬਗੈਰ ਨਿਸ਼ਾਨਾ ਸਾਧਿਆ।
ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹਨ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ - "ਜੇ ਤੁਹਾਡੇ ਕੋਲ ਗਲਤ ਨੂੰ ਗਲਤ ਕਹਿਣ ਦੀ ਕਾਬਲੀਅਤ ਨਹੀਂ ਤਾਂ ਤੁਹਾਡੀ ਪ੍ਰਤਿਭਾ ਵਿਅਰਥ ਹੈ।" ਨਵਜੋਤ ਸਿੰਘ ਸਿੱਧੂ ਦੀ ਇਸ ਪੋਸਟ ਨੂੰ ਵੇਖਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ।