ਕੈਬਨਿਟ ਮੀਟਿੰਗ ਨੇ ਤੋੜੇ ਮੁਲਾਜ਼ਮਾਂ ਦੇ ਦਿਲ, ਹੁਣ ਅਧਿਆਪਕ ਕਰਨਗੇ ਸਰਕਾਰ ਦੇ ਦੰਦ ਖੱਟੇ
ਏਬੀਪੀ ਸਾਂਝਾ | 02 Mar 2019 05:15 PM (IST)
ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਬੈਠਕ ਵਿੱਚ ਠੇਕਾ ਆਧਾਰਤ ਤੇ ਹੋਰਨਾਂ ਮੁਲਾਜ਼ਮਾਂ ਲਈ ਕੋਈ ਐਲਾਨ ਨਾ ਹੋਣ ਤੋਂ ਖ਼ਫਾ ਹੋਏ ਅਧਿਆਪਕਾਂ ਨੇ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਆਪਣੀਆਂ ਮੰਗਾਂ ਨਾ ਮੰਨੇ ਜਾਣ 'ਤੇ ਸਰਕਾਰ ਖ਼ਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਅਧਿਆਪਕਾਂ ਨੇ ਭਲਕੇ ਇਕੱਤਰਤਾ ਸੱਦੀ ਹੈ। ਅਧਿਆਪਕ ਲੀਡਰ ਹਰਦੀਪ ਟੋਡਰਪੁਰ ਨੇ ਬਿਆਨ ਜਾਰੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ 8886 ਅਧਿਆਪਕਾਂ ਦੀ ਤਨਖ਼ਾਹ ਕਟੌਤੀ ਤੇ ਪਰਖ ਕਾਲ ਬਾਰੇ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਨਰਸਿੰਗ ਸਟਾਫ ਦਾ ਵੀ ਕੋਈ ਹੱਲ ਨਹੀਂ ਕੀਤਾ ਗਿਆ। ਇਸ ਕੈਬਨਿਟ ਮੀਟਿੰਗ ਤੋਂ ਸਾਰਾ ਮੁਲਾਜ਼ਮ ਵਰਗ ਨਿਰਾਸ਼ ਹੈ ਤੇ ਸਰਕਾਰ ਪ੍ਰਤੀ ਮੁਲਾਜ਼ਮਾਂ 'ਚ ਬੇਹੱਦ ਰੋਸ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸੰਘਰਸ਼ ਕਮੇਟੀ ਇਸ ਦਾ ਵਿਰੋਧ ਕਰੇਗੀ ਅਤੇ ਭਲਕੇ ਜਲੰਧਰ ਵਿੱਚ ਸੂਬਾ ਪੱਧਰੀ ਇਕੱਤਰਤਾ ਕੀਤੀ ਜਾਵੇਗੀ। ਟੋਡਰਪੁਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੀ ਪੰਜ ਮਾਰਚ ਨੂੰ ਅਧਿਆਪਕਾਂ ਫਿਰ ਤੋਂ ਸੰਘਰਸ਼ ਵਿੱਢਣਗੇ ਤੇ ਜਿਸ ਦਾ ਐਲਾਨ ਵੀ ਉਹ ਭਲਕੇ ਹੀ ਕਰ ਦੇਣਗੇ।