ਚੰਡੀਗੜ੍ਹ: ਮੁਹਾਲੀ ਦੇ ਐਸਐਸਪੀ ਵੱਲੋਂ ਕੁਰੂਕਸ਼ੇਤਰ ਦੇ ਐਸਐਸਪੀ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਮੁਲਜ਼ਮ ਤਜਿੰਦਰ ਬੱਗਾ ਨੂੰ ਜਲਦੀ ਰਿਹਾਅ ਕੀਤਾ ਜਾਵੇ। ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਉਧਰ, ਪੰਜਾਬ ਪੁਲਿਸ ਤਜਿੰਦਰ ਬੱਗਾ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ ਜਾ ਰਹੀ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਜਾਣਬੁੱਝ ਕੇ ਉਨ੍ਹਾਂ ਦੇ ਕੰਮ ਵਿੱਚ ਨਾਜਾਇਜ਼ ਵਿਘਨ ਪਾ ਰਹੀ ਹੈ। ਅਦਾਲਤ ਵਿੱਚ 2 ਵਜੇ ਅਰਜ਼ੀ ਦਿੱਤੀ ਜਾ ਸਕਦੀ ਹੈ।
ਮੁਹਾਲੀ ਪੁਲੀਸ ਵੱਲੋਂ ਮੀਡੀਆ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਮੀਡੀਆ ਨੂੰ ਦਿੱਤੇ ਇੰਟਰਵਿਊ ਤੇ ਟਵਿੱਟਰ ਤੇ ਆਪਣੀ ਪੋਸਟਾਂ ਰਾਹੀ ਭੜਕਾਊ, ਝੂਠੇ ਤੇ ਫਿਰਕੂ ਭੜਕਾਊ ਬਿਆਨ ਦੇ ਕੇ, ਉਨ੍ਹਾਂ ਨੂੰ ਪ੍ਰਕਾਸ਼ਿਤ ਕਰਕੇ ਪੂਰਵ ਨਿਰਧਾਰਤ ਤੇ ਤਰਤੀਬੱਧ ਤਰੀਕੇ ਨਾਲ ਠੇਸ ਪਹੁੰਚਾਈ ਗਈ ਸੀ।
ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੇ ਮੁਕੱਦਮਾ ਨੰਬਰ: 18 ਮਿਤੀ 01.04.2022 ਅ/ਧ 153 ਏ, 505, 505 (2), 506 ਭ:ਦ: ਥਾਣਾ ਪੰਜਾਬ ਸਟੇਟ ਸਾਈਬਰ ਕਰਾਇਮ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਵਿੱਚ ਤੇਜਿੰਦਰ ਪਾਲ ਸਿੰਘ ਬੱਗਾ ਪੁੱਤਰ ਸ਼੍ਰੀ ਪ੍ਰੀਤ ਪਾਲ ਸਿੰਘ ਵਾਸੀ ਜਨਕਪੁਰੀ, ਨਵੀ ਦਿੱਲੀ, ਉਮਰ ਕਰੀਬ 36 ਸਾਲ ਮੁਲਜ਼ਮ ਹੈ।
ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਰਨੇਸ਼ ਕੁਮਾਰ ਬਨਾਮ ਬਿਹਾਰ ਰਾਜ ਤੇ ਹੋਰ, 2014 (8), ਐਸਸੀਸੀ 273 ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਦੋਸ਼ੀ ਉਕਤ ਨੂੰ 5 ਨੋਟਿਸ ਅ/ਧ 41-ਏ, ਸੀਆਰਪੀਸੀ ਤਹਿਤ ਜਾਰੀ ਕੀਤੇ ਗਏ ਸਨ। ਇਹ ਨੋਟਿਸ ਮਿਤੀ 09.04.2022, 11.04.2022, 15.04.2022, 22.04.2022 ਤੇ 28.04.2022 ਨੂੰ ਦਿੱਤੇ ਗਏ ਸਨ। ਇਸ ਦੇ ਬਾਵਜੂਦ ਦੋਸ਼ੀ ਜਾਣਬੁੱਝ ਕੇ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ।
ਅੱਜ (06.05.2022) ਸਵੇਰੇ ਕਾਨੂੰਨ ਦੀ ਪਾਲਣਾ ਕਰਦੇ ਹੋਏ, ਦੋਸ਼ੀ ਨੂੰ ਉਸ ਦੇ ਘਰ ਜਨਕਪੁਰੀ, ਨਵੀਂ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਇੱਥੇ ਲਿਆਂਦਾ ਜਾ ਰਿਹਾ ਹੈ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।