ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਕਰਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਦੇ ਸਾਹ ਸੁੱਕੇ ਹੋਏ ਹਨ। ਜੰਗ ਦੀ ਚਰਚਾ ਕਰਕੇ ਸਰਹੱਦੀ ਪਿੰਡਾਂ ਦੇ ਲੋਕਾਂ ’ਚ ਫ਼ਿਕਰਮੰਦੀ ਦਾ ਮਾਹੌਲ ਹੈ। ਸੈਨਿਕਾਂ ਦੀ ਹਿੱਲਜੁਲ ਕਰਕੇ ਕਿਸਾਨਾਂ ਨੇ ਸਰਹੱਦੀ ਪਿੰਡਾਂ ’ਚੋਂ ਖੇਤੀ ਮਸ਼ੀਨਰੀ ਤੇ ਖੇਤੀ ਸੰਦਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਡਰੰਮਾਂ ’ਚੋਂ ਕਣਕ ਕੱਢ ਕੇ ਬੋਰੀਆਂ ਭਰ ਲਈਆਂ ਹਨ। ਪੁਲਿਸ ਤੇ ਫੌਜ ਮੁੱਖ ਨੇ ਸਰਹੱਦੀ ਸੜਕਾਂ ’ਤੇ ਸਾਂਝੇ ਨਾਕੇ ਲਾਏ ਹਨ।

ਕਿਸਾਨਾਂ ਨੂੰ ਬੀਐਸਐਫ ਨੇ ਕੰਡਿਆਲੀ ਤਾਰ ਤੋਂ ਪਾਰ ਜਾਣ ਤੋਂ ਵੀ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਫੌਜ ਦੇ ਉੱਚ ਅਧਿਕਾਰੀ ਸਰਹੱਦੀ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗਾਂ ਵੀ ਕਰ ਰਹੇ ਹਨ। ਫੌਜ ਦੇ ਅਫਸਰਾਂ ਨੇ ਲੋਕਾਂ ਨੂੰ ਸ਼ਾਂਤ ਤੇ ਬਿਨਾਂ ਡਰ ਤੋਂ ਰਹਿਣ ਲਈ ਆਖਿਆ। ਅਣਜਾਣ ਬੰਦਾ ਪਿੰਡਾਂ ਵਿੱਚ ਦਿਖਾਈ ਦੇਣ ਦੀ ਸੂਰਤ ਵਿਚ ਫੌਰਨ ਫੌਜ ਨੂੰ ਸੂਚਨਾ ਦੇਣ ਦੀ ਹਦਾਇਤ ਕੀਤੀ ਗਈ। ਰਾਤ ਵਕਤ ਵਿਆਹ ਮੌਕੇ ਡੀਜੇ ਵਗੈਰਾ ਨਾ ਵਜਾਉਣ ਲਈ ਆਖਿਆ ਗਿਆ ਹੈ।

ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਲਈ ਅੱਜ ਸਰਹੱਦੀ ਖੇਤਰਾਂ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਦਾ ਦੌਰਾ ਸੜਕ ਰਸਤੇ ਕਰ ਰਹੇ ਹਨ। ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਚੌਕਸੀ ਵਰਤਣ ਤੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀਆਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ।

ਸਰਕਾਰ ਨੇ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਵਿੱਚ ਤਾਇਨਾਤ ਸਰਕਾਰੀ ਅਮਲੇ ਦੀਆਂ ਛੁੱਟੀਆਂ ਵੀ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਹਨ। ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਡਿਊਟੀ ’ਤੇ ਹਾਜ਼ਰ ਰਹਿਣ ਲਈ ਜ਼ਿਲ੍ਹਾ ਪੱਧਰ ’ਤੇ ਪੱਤਰ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਸਰਹੱਦੀ ਖੇਤਰਾਂ ਵਿੱਚ ਪੈਂਦੀਆਂ ਸੰਵੇਦਨਸ਼ੀਲ ਇਮਾਰਤਾਂ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਸੁਰੱਖਿਆ ਵਧਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਗੱਲਬਾਤ ਕੀਤੀ।