ਪੰਜਾਬ ਵਿੱਚ ਪਨਬੱਸ ਅਤੇ ਪੀਆਰਟੀਸੀ ਕਰਮਚਾਰੀਆਂ ਦਾ ਰੋਸ ਅੱਜ ਚਰਮ ਸੀਮਾਂ 'ਤੇ ਪਹੁੰਚ ਗਿਆ ਹੈ। ਯੂਨੀਅਨ ਦੇ ਮੁਤਾਬਕ, ਕੱਲ੍ਹ ਸ਼ਾਮ ਤੋਂ ਹੀ ਕਰਮਚਾਰੀਆਂ ਅਤੇ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ ਸਨ, ਜਿਸ ਕਾਰਨ ਮਾਹੌਲ ਹੋਰ ਤਣਾਅਪੂਰਣ ਹੋ ਗਿਆ। ਅੱਜ ਸਵੇਰੇ ਤੱਕ ਅੰਮ੍ਰਿਤਸਰ ਸਮੇਤ ਸੂਬੇ ਵਿੱਚ ਪਨਬੱਸ–ਪੀਆਰਟੀਸੀ ਯੂਨੀਅਨ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਜਾਰੀ ਰਹੀਆਂ।
ਪੁਲਿਸ ਨੇ ਸੂਬਾ ਜਾਇੰਟ ਸਕੱਤਰ ਜੋਧ ਸਿੰਘ, ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਬਲਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਰਾਟ, ਗੁਰਪ੍ਰੀਤ ਸਿੰਘ (ਮੁਕਤਸਰ) ਦੇ ਨਾਲ-ਨਾਲ ਬਰਨਾਲਾ ਡਿਪੋ ਦੇ ਤਿੰਨ ਮੁੱਖ ਨੇਤਾ, ਫਰੀਦਕੋਟ ਡਿਪੋ ਦੇ ਤਿੰਨ ਨੇਤਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਤੀਨਿਧੀਆਂ ਸਮੇਤ ਕੁੱਲ 20 ਤੋਂ ਵੱਧ ਯੂਨੀਅਨ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਿਲੋਮੀਟਰ ਸਕੀਮ ਨੂੰ ਲੈ ਕੇ ਵੱਡਾ ਟਕਰਾਅ
ਯੂਨੀਅਨ ਨੇ ਇਸਦਾ ਕਾਰਨ ਦੱਸਦਿਆਂ ਕਿਹਾ ਕਿ ਅੱਜ ਪੰਜਾਬ ਸਰਕਾਰ ਪਨਬੱਸ ਵਿੱਚ ਕਿਲੋਮੀਟਰ ਸਕੀਮ ਦੇ ਤਹਿਤ ਨਿੱਜੀ ਮਾਲਕਾਂ ਦੀਆਂ ਬੱਸਾਂ ਦੇ ਟੈਂਡਰ ਖੋਲ੍ਹਣ ਜਾ ਰਹੀ ਸੀ। ਯੂਨੀਅਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਸਕੀਮ ਦਾ ਪੂਰਨ ਵਿਰੋਧ ਕਰਨਗੇ ਅਤੇ ਟੈਂਡਰ ਪ੍ਰਕਿਰਿਆ ਦੌਰਾਨ ਗੇਟ ਰੈਲੀ ਅਤੇ ਤੁਰੰਤ ਬੰਦ ਦੀ ਕਾਲ ਦਿੱਤੀ ਜਾਵੇਗੀ।
ਯੂਨੀਅਨ ਦਾ ਦਾਅਵਾ ਹੈ ਕਿ ਇਹ ਸਕੀਮ ਹੌਲੇ-ਹੌਲੇ ਟਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਵੱਲ ਇੱਕ ਕਦਮ ਹੈ, ਜੋ ਕਰਮਚਾਰੀਆਂ ਦੇ ਭਵਿੱਖ ਲਈ ਖ਼ਤਰਨਾਕ ਹੈ।
ਯੂਨੀਅਨ ਦਾ ਦਾਅਵਾ – ਸਰਕਾਰ ਨੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਨੇਤਾਵਾਂ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲਿਆ ਲਿਆ
ਨੇਤਾਵਾਂ ਨੇ ਕਿਹਾ ਕਿ ਸਰਕਾਰ ਨੇ ਅੰਦੋਲਨ ਨੂੰ ਰੋਕਣ ਅਤੇ ਨਿੱਜੀ ਬੱਸਾਂ ਨੂੰ ਜਬਰਦਸਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਯੂਨੀਅਨ ਦੇ ਮੁੱਖ ਨੇਤਾਵਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ, ਤਾਂ ਜੋ ਅੱਜ ਹੋਣ ਵਾਲਾ ਵਿਰੋਧ ਪ੍ਰਦਰਸ਼ਨ ਕਮਜ਼ੋਰ ਪਏ। ਪਰ ਇਸ ਕਾਰਵਾਈ ਨੇ ਕਰਮਚਾਰੀਆਂ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ ਹੈ।
ਸਾਰੇ ਡਿਪੋ ਬੰਦ, ਬੱਸ ਸੇਵਾ ਠੱਪ
ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਪਨਬੱਸ ਅਤੇ ਪੀਆਰਟੀਸੀ ਯੂਨੀਅਨ ਨੇ ਇੱਕ ਵੱਡਾ ਫੈਸਲਾ ਕਰਦਿਆਂ ਸਾਰੇ ਪੰਜਾਬ ਵਿੱਚ ਸਾਰੇ ਡਿਪੋ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰਨ ਸੂਬੇ ਭਰ ਵਿੱਚ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਯੂਨੀਅਨ ਨਾਲ ਜੁੜੇ ਹੋਰ ਨੇਤਾਵਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਸੰਘਰਸ਼ ਲਈ ਮਜ਼ਬੂਰ ਕਰ ਰਹੀ ਹੈ ਅਤੇ ਵਿਭਾਗ ਵਿੱਚ ਨਿੱਜੀ ਮਾਲਕਾਂ ਦੀਆਂ ਬੱਸਾਂ ਲਾ ਕੇ ਸਪਸ਼ਟ ਤੌਰ ‘ਤੇ ਨਿੱਜੀਕਰਨ ਦੀ ਰਾਹ ਤੇ ਵਧ ਰਹੀ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਗ੍ਰਿਫ਼ਤਾਰ ਯੂਨੀਅਨ ਨੇਤਾਵਾਂ ਨੂੰ ਤੁਰੰਤ ਰਿਹਾ ਨਹੀਂ ਕੀਤਾ ਗਿਆ, ਤਾਂ ਯੂਨੀਅਨ ਹੋਰ ਵੀ ਕੜੇ ਅਤੇ ਸੂਬਾ-ਵਿਆਪੀ ਆੰਦੋਲਨ ਸ਼ੁਰੂ ਕਰਨ ਲਈ ਮਜ਼ਬੂਰ ਹੋਵੇਗੀ।