ਪਟਿਆਲਾ: ਅੱਜ ਪਟਿਆਲਾ ਵਿੱਚ ਹਿੰਦੂ ਸੰਗਠਨਾਂ ਵੱਲੋਂ ਖਾਲਿਸਤਾਨ ਪੱਖੀਆਂ ਦੇ ਵਿਰੋਧ ਦਾ ਐਲਾਨ ਕੀਤਾ ਸੀ ਜਿਸ ਮਗਰੋਂ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਇਕੱਠੇ ਹੋ ਗਏ। ਇਸ ਨੂੰ ਲੈ ਕੇ ਹਾਲਾਤ ਤਣਾਅਪੂਰਨ ਹੋ ਗਏ। ਪੁਲਿਸ ਵੱਲੋਂ ਟਕਰਾਅ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਦੇ ਮੈਂਬਰ ਨੂੰ ਰੋਕਿਆ ਗਿਆ। ਇਸ ਦੌਰਾਨ ਖਿੱਚ-ਧੂਹ ਵੀ ਹੋਈ।

ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਸਿੱਖ ਜਥੇਬੰਦੀਆ ਨੂੰ ਲਾਅ ਐਂਡ ਆਰਡਰ ਖਰਾਬ ਨਹੀਂ ਕਰਨ ਦਿੱਤਾ ਜਾਏਗਾ। ਸਿੱਖ ਜਥੇਬੰਦੀਆ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਚੱਲੀਆਂ ਤੇ ਫੁਹਾਰਾ ਚੌਂਕ ਪਹੁੰਚੀਆਂ ਜਿੱਥੇ ਪੁਲਿਸ ਨੇ ਰੋਕ ਲਿਆ। ਤ੍ਰਿਪੜੀ ਦੇ ਐਸਐਚਓ ਕਰਨਬੀਰ ਸਿੱਖ ਕਾਰਕੁਨਾਂ ਨੂੰ ਰੋਕਦੇ ਹੋਏ ਹੋਏ ਜ਼ਖ਼ਮੀ ਹੋ ਗਏ।

ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਵਿੱਚ ਹਿੰਦੂ ਸੰਗਠਨ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਖਾਲਿਸਤਾਨ ਪੱਖੀਆਂ ਦੇ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਸੀ। ਇਸ ਦਾ ਪਤਾ ਲੱਗਦਿਆਂ ਹੀ ਸਿੱਖ ਜਥੇਬੰਦੀਆ ਵੀ ਇਕੱਠੀਆਂ ਹੋ ਗਈਆਂ। ਪੁਲਿਸ ਵੱਲੋ ਸਿੱਖ ਜਥੇਬੰਦੀਆਂ ਨੂੰ ਰੋਕਿਆ ਗਿਆ ਹੈ।

ਹਾਲਾਤ ਉਸ ਵੇਲੇ ਤਣਾਅਪੂਰਨ ਬਣੇ ਜਦੋਂ ਸਿੱਖ ਜਥੇਬੰਦੀਆ ਵੱਲੋਂ ਮਾਰਚ ਸ਼ੁਰੂ ਕਰ ਦਿੱਤਾ ਗਿਆ ਤੇ ਹਿੰਦੂ ਸਗਠੰਨਾਂ ਵੱਲੋਂ ਰੱਖੇ ਪ੍ਰਦਰਸ਼ਨ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸਿੱਖ ਕਾਰਕੁਨਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲਿਸ ਤੇ ਸਿੱਖ ਜਥੇਬੰਦੀਆਂ ਵਿਚਾਲੇ ਤਣਾਅ ਦਾ ਮਾਹੌਲ ਬਣ ਗਿਆ।


ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਪਟਿਆਲਾ ਵਿੱਚ ਇਹ ਦੋਵੇਂ ਫਿਰਕੇ ਆਹਮੋ-ਸਾਹਮਣੇ ਨਹੀਂ ਹੋਏ। ਇਸ ਕਾਰਨ ਨੁਕਸਾਨ ਹੋਣ ਤੋਂ ਬਚ ਗਿਆ ਪਰ ਦੋ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਵੀ ਸਾਹਮਣੇ ਆ ਰਹੀ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਸਿੱਖ ਭਾਈਚਾਰੇ ਦਾ ਹੈ ਜਦਕਿ ਦੂਜਾ ਵਿਅਕਤੀ ਹਿੰਦੂ ਭਾਈਚਾਰੇ ਦਾ ਹੈ।


ਪੁਲਿਸ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਥੋਂ ਦੇ ਲੋਕ ਬਹੁਤ ਸਮਝਦਾਰ ਹਨ ਤੇ ਇੱਥੇ ਕੋਈ ਤਣਾਅ ਨਹੀਂ ਹੋਵੇਗਾ ਤੇ ਜਲਦੀ ਹੀ ਸਥਿਤੀ ਆਮ ਵਾਂਗ ਹੋ ਜਾਵੇਗੀ। ਪੁਲਿਸ ਲਗਾਤਾਰ ਦੋਵਾਂ ਭਾਈਚਾਰਿਆਂ ਦੇ ਲੋਕਾਂ ਨਾਲ ਗੱਲਬਾਤ ਕਰ ਰਹੀ ਹੈ। ਮੌਕੇ 'ਤੇ 700 ਤੋਂ 800 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।