ਚੰਡੀਗੜ੍ਹ: ਬੀਤੇ ਦਿਨ ਕਰਨਾਲ ਤੋਂ ਅੱਤਵਾਦੀ ਸਰਗਰਮੀਆਂ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਚਾਰ ਨੌਜਵਾਨਾਂ ਤੋਂ ਪੁਲਿਸ ਪੁੱਛ ਪੜਤਾਲ ਕਰ ਰਹੀ ਹੈ। ਆਖਰ ਕੌਣ ਇਹ ਚਾਰੇ ਨੌਜਵਾਨ ਕਿਵੇਂ ਇੱਕ ਦੂਜੇ ਦੇ ਸੰਪਰਕ 'ਚ ਆਏ। ਦਰਅਸਲ ਇਨ੍ਹਾਂ ਚਾਰਾਂ ਨੂੰ ਜੋੜਨ ਵਾਲਾ ਗੁਰਪ੍ਰੀਤ ਸਿੰਘ ਸੀ ਜਿਸ 'ਤੇ 6 ਕੇਸ ਦਰਜ ਹਨ ਤੇ ਪਰਿਵਾਰ ਨੇ ਉਸ ਨੂੰ 10 ਸਾਲਾਂ ਲਈ ਘਰੋਂ ਬੇਦਖਲ ਕੀਤਾ ਹੋਇਆ ਹੈ। ਗੁਰਪ੍ਰੀਤ ਦਾ ਛੋਟਾ ਭਰਾ ਅਮਨਦੀਪ ਟੈਕਸੀ ਡਰਾਈਵਰ ਹੈ, ਜਿਸ ਨੇ ਆਪਣੇ ਆਪ ਨੂੰ ਪਰਿਵਾਰ ਤੋਂ ਲੁਕਾ ਕੇ ਉਸ ਨਾਲ ਸੰਪਰਕ ਬਣਾਇਆ।



ਗੁਰਪ੍ਰੀਤ ਨੇ ਪਰਮਿੰਦਰ ਨੂੰ ਨਾਲ ਲਿਆ। 12ਵੀਂ ਪਾਸ ਕਰਨ ਮਗਰੋਂ ਫੈਕਟਰੀ ਵਿੱਚ ਕੰਮ ਕਰਨ ਵਾਲੇ ਭੁਪਿੰਦਰ ਨੂੰ ਵੀ ਸ਼ਾਮਲ ਕਰ ਲਿਆ। ਇਨ੍ਹਾਂ ਚਾਰਾਂ ਨੇ ਮਿਲ ਕੇ 3 ਵਾਰ ਹਥਿਆਰਾਂ ਦੀ ਸਪਲਾਈ ਦੇ ਚੱਕਰ ਲਾਏ। ਇੱਕ ਵਾਰ 'ਚ 5 ਤੋਂ 7 ਲੱਖ ਰੁਪਏ ਮਿਲਦੇ ਹਨ। ਜਿਸ ਇਨੋਵਾ ਗੱਡੀ ਵਿੱਚ ਕਰਨਾਲ 'ਚ ਫੜੇ ਗਏ ਸੀ, ਉਹ ਟੈਕਸੀ ਡਰਾਈਵਰ ਗੁਰਪ੍ਰੀਤ ਦਾ ਭਰਾ ਅਮਨਦੀਪ ਲੈ ਕੇ ਆਇਆ ਸੀ।

ਗੁਰਪ੍ਰੀਤ ਸਿੰਘ ਪਿੰਡ ਵਿੰਜੋ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦਾ ਵਸਨੀਕ ਹੈ। ਗੁਰਪ੍ਰੀਤ ਸਿੰਘ ਨੂੰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਘਰੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਕਰੀਬ 10 ਸਾਲ ਪਹਿਲਾਂ ਉਹ ਪਿੰਡ ਛੱਡ ਕੇ ਲੁਧਿਆਣਾ ਰਹਿਣ ਲੱਗ ਪਿਆ। ਗੁਰਪ੍ਰੀਤ ਖ਼ਿਲਾਫ਼ ਚੋਰੀ, ਡਕੈਤੀ ਆਦਿ ਦੇ 6 ਮੁਕੱਦਮੇ ਦਰਜ ਹਨ ਤੇ ਉਹ ਪੁਲਿਸ ਦਾ ਭਗੌੜਾ ਅਪਰਾਧੀ ਹੈ। ਗੁਰਪ੍ਰੀਤ ਦੀ ਇਮੇਜ ਕਾਰਨ ਲੋਕ ਉਸ ਨੂੰ ਬਦਮਾਸ਼ ਵਜੋਂ ਜਾਣਦੇ ਹਨ। ਗੁਰਪ੍ਰੀਤ ਸਿੰਘ ਦੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕਾਂ ਨਾਲ ਵੀ ਸੰਪਰਕ ਰਹੇ ਹਨ।

28 ਸਾਲਾ ਅਮਨਦੀਪ ਵੀ ਪਿੰਡ ਵਿੰਝੋ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦਾ ਰਹਿਣ ਵਾਲਾ ਹੈ। ਉਹ ਗੁਰਪ੍ਰੀਤ ਦਾ ਛੋਟਾ ਭਰਾ ਹੈ। ਅਮਨਦੀਪ ਟੈਕਸੀ ਚਲਾ ਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਅਮਨਦੀਪ ਸਿੰਘ ਦੀ ਪਤਨੀ ਨਵਪ੍ਰੀਤ ਕੌਰ ਇੱਕ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਕੇ ਪਰਿਵਾਰ ਦੀ ਆਰਥਿਕ ਮਦਦ ਕਰ ਰਹੀ ਹੈ। ਅਮਨਦੀਪ ਦੋ ਦਿਨ ਪਹਿਲਾਂ ਹੀ ਪਿੰਡ ਆਇਆ ਸੀ। ਆਪਣੇ ਭਰਾ ਦੇ ਕਹਿਣ 'ਤੇ ਪੈਸੇ ਦੇ ਲਾਲਚ 'ਚ ਟੈਕਸੀ ਚਲਾ ਰਿਹਾ ਅਮਨਦੀਪ ਅਪਰਾਧ ਦੀ ਦੁਨੀਆ 'ਚ ਆ ਗਿਆ ਸੀ। ਉਸ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਪਰ ਅਮਨਦੀਪ ਦਿੱਲੀ ਨੰਬਰ ਦੀ ਇਨੋਵਾ ਗੱਡੀ ਲੈ ਕੇ ਆਇਆ ਸੀ।

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੱਖੂ ਦਾ ਰਹਿਣ ਵਾਲਾ 35 ਸਾਲਾ ਪਰਮਿੰਦਰ ਸਿੰਘ ਖਰਾਦ ਦਾ ਕੰਮ ਕਰਦਾ ਸੀ। ਕਰੀਬ ਇੱਕ ਸਾਲ ਪਹਿਲਾਂ ਪਰਮਿੰਦਰ ਦਾ ਪੂਰਾ ਪਰਿਵਾਰ ਮੱਖੂ ਤੋਂ ਲੁਧਿਆਣਾ ਸ਼ਿਫਟ ਹੋ ਗਿਆ ਸੀ। ਲੁਧਿਆਣਾ ਜਾ ਕੇ ਉਹ ਅਪਰਾਧੀਆਂ ਦੇ ਸੰਪਰਕ ਵਿੱਚ ਆ ਗਿਆ। ਚੰਗੇ ਕੰਮ ਦੀ ਲਾਲਸਾ ਵਿਚ ਉਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਸ਼ਿਫਟ ਹੋ ਗਿਆ, ਪਰ ਦੋਸ਼ੀ ਬਣ ਗਿਆ। ਪਰਮਿੰਦਰ ਸਿੰਘ ਖਿਲਾਫ ਤਿੰਨ ਅਪਰਾਧਿਕ ਮਾਮਲੇ ਦਰਜ ਹਨ।

ਭੁਪਿੰਦਰ ਸਿੰਘ ਅਮਲਤਾਸ ਕਲੋਨੀ, ਲੁਧਿਆਣਾ ਦਾ ਰਹਿਣ ਵਾਲਾ ਹੈ। 12ਵੀਂ ਤੋਂ ਬਾਅਦ ਭੁਪਿੰਦਰ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਮੰਗਲਵਾਰ ਨੂੰ ਭੁਪਿੰਦਰ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਹ ਦੋਸਤਾਂ ਨਾਲ ਹਜ਼ੂਰ ਸਾਹਿਬ ਮੱਥਾ ਟੇਕਣ ਜਾ ਰਿਹਾ ਹੈ। ਉਹ ਬੁੱਧਵਾਰ ਸਵੇਰੇ 6 ਵਜੇ ਘਰੋਂ ਨਿਕਲਿਆ ਸੀ। ਭੁਪਿੰਦਰ ਦੇ ਪਿਤਾ ਪੀਐਸਪੀਸੀਐਲ ਅਧਿਕਾਰੀ ਦੀ ਗੱਡੀ ਚਲਾਉਂਦੇ ਹਨ। ਪਰਿਵਾਰ ਵਿੱਚ ਇੱਕ ਮਾਂ ਅਤੇ ਇੱਕ ਛੋਟੀ ਭੈਣ ਹੈ।