Punjab News: ਖਾਲਿਸਤਾਨ ਪੱਖੀ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਪਟਿਆਲਾ ਕੈਂਟ ਖੇਤਰ ਦੇ ਆਰਮੀ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਪੰਨੂ ਨੇ ਵੀਡੀਓ ਵਿੱਚ ਕੰਧ 'ਤੇ ਲਿਖੇ ਨਾਅਰੇ ਦਿਖਾਏ।
ਵੀਡੀਓ ਵਿੱਚ ਪੰਨੂ ਨੇ ਆਰਮੀ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਵੀ ਭੜਕਾਇਆ। ਉਸਨੇ ਕਿਹਾ ਕਿ ਤੁਹਾਡੇ ਪਰਿਵਾਰਕ ਮੈਂਬਰ ਪਾਕਿਸਤਾਨ ਨਾਲ ਜੰਗ ਵਿੱਚ ਮਾਰੇ ਜਾ ਸਕਦੇ ਹਨ। 1971 ਦੀ ਜੰਗ ਵਾਂਗ ਮਾਰੇ ਜਾਣਗੇ। ਆਰਮੀ ਸਕੂਲ ਦੇ ਬੱਚਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਰਿਵਾਰਾਂ ਨੂੰ ਬਚਾਉਣ।ਹਾਲਾਂਕਿ, ABP ਸਾਂਝਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪਟਿਆਲਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
31 ਮਾਰਚ ਨੂੰ ਵੀ ਪੰਨੂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਫਿਲੌਰ ਦੇ ਨੰਗਲ ਇਲਾਕੇ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਜਲੰਧਰ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਸੁਖਬੀਰ ਸਿੰਘ ਉਰਫ ਰਾਜਨ ਅਤੇ ਅਵਤਾਰ ਸਿੰਘ ਉਰਫ ਤਾਰੀ ਵਾਸੀ ਨਕੋਦਰ ਵਜੋਂ ਹੋਈ ਹੈ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਕਿਸੇ ਤੀਜੇ ਵਿਅਕਤੀ ਰਾਹੀਂ ਪੰਨੂ ਨਾਲ ਜੁੜੇ ਹੋਏ ਸਨ।
ਜ਼ਿਕਰ ਕਰ ਦਈਏ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 10 ਜੁਲਾਈ 2019 ਨੂੰ SFJ ਨੂੰ ਇਸਦੀਆਂ ਗਤੀਵਿਧੀਆਂ ਲਈ UAPA ਦੇ ਤਹਿਤ ਇੱਕ ਗ਼ੈਰ-ਕਾਨੂੰਨੀ ਸੰਗਠਨ ਵਜੋਂ ਪਾਬੰਦੀ ਲਗਾ ਦਿੱਤੀ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਸਿੱਖਾਂ ਲਈ ਜਨਮਤ ਸੰਗ੍ਰਹਿ ਦੀ ਆੜ ਵਿੱਚ, SFJ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਿਹਾ ਹੈ।
ਕੇਂਦਰ ਸਰਕਾਰ ਨੇ 1 ਜੁਲਾਈ 2020 ਨੂੰ ਪੰਨੂ ਨੂੰ UAPA ਤਹਿਤ ਅੱਤਵਾਦੀ ਘੋਸ਼ਿਤ ਕੀਤਾ। 2020 ਵਿੱਚ ਸਰਕਾਰ ਨੇ SFJ ਨਾਲ ਜੁੜੇ 40 ਤੋਂ ਵੱਧ ਵੈੱਬ ਪੇਜਾਂ ਅਤੇ ਯੂਟਿਊਬ ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ। ਭਾਰਤ ਵਿੱਚ SFJ ਅਤੇ ਪੰਨੂ ਵਿਰੁੱਧ 15 ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਪੰਜਾਬ ਵਿੱਚ ਦੇਸ਼ਧ੍ਰੋਹ ਦੇ 3 ਮਾਮਲੇ ਵੀ ਸ਼ਾਮਲ ਹਨ।