Sidhu Moosewala Murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨਾਲ ਪੁਲਿਸ ਨੂੰ ਸ਼ਰਮਸਾਰ ਹੋਣਾ ਪਿਆ ਹੈ। ਇਸ ਵੀਡੀਓ ਵਿੱਚ ਮਾਨਸਾ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਦੀ ਕਰਤੂਤ ਵੇਖਣ ਨੂੰ ਮਿਲ ਰਹੀ ਹੈ। ਇਹ 41 ਸਕਿੰਟ ਦੀ ਵੀਡੀਓ ਕਿਸੇ ਆਮ ਬੰਦੇ ਰਾਹੀਂ ਨਹੀਂ, ਸਗੋਂ ਮੋਹਿਤ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਉਸ ਦੇ ਮੋਬਾਈਲ ਵਿਚੋਂ ਹੀ ਮਿਲੀ ਦੱਸੀ ਜਾਂਦੀ ਹੈ ਤੇ ਇਸ ਵੀਡੀਓ ਨੂੰ ਮੋਹਿਤ ਨੇ ਹੀ ਬਣਾਇਆ ਸੀ। 



ਦਰਅਸਲ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਦੀਪਕ ਟੀਨੂੰ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਮੋਹਿਤ ਭਾਰਦਵਾਜ ਤੇ ਸੀਆਈਏ ਸਟਾਫ ਮਾਨਸਾ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਚੰਡੀਗੜ੍ਹ ਦੇ ਕਲੱਬਾਂ ਵਿੱਚ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਸਾਹਮਣੇ ਆਉਂਦਿਆਂ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਸੂਤਰਾਂ ਅਨੁਸਾਰ ਇਹ ਵੀਡੀਓ ਇਹ ਸਪਸ਼ਟ ਕਰਦੀ ਹੈ ਕਿ ਦੀਪਕ ਟੀਨੂੰ ਪੁਲਿਸ ਨੂੰ ਧੋਖਾ ਦੇ ਕੇ ਨਹੀਂ ਭੱਜਿਆ ਬਲਕਿ ਉਸ ਨੂੰ ਕਥਿਤ ਮਿਲੀਭੁਗਤ ਨਾਲ ਭਜਾਇਆ ਗਿਆ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਤੇ ਪ੍ਰਸੰਸਕਾਂ ਨੇ ਪ੍ਰਿਤਪਾਲ ਸਿੰਘ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਹੈ। ਹੁਣ ਮਾਨਸਾ ਤੇ ਚੰਡੀਗੜ੍ਹ ਪੁਲਿਸ ਵੱਲੋਂ ਮੋਹਿਤ ਭਾਰਦਵਾਜ ਤੋਂ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਖਰੀਦਦਾਰੀ ਕਰਵਾਉਣ ਤੇ ਐਸ਼ਪ੍ਰਸਤੀ ਕਰਵਾਉਣ ਸਬੰਧੀ ਬਕਾਇਦਾ ਪੁੱਛ-ਪੜਤਾਲ ਕੀਤੀ ਜਾਵੇਗੀ। 


ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵੱਲੋਂ ਮੋਹਿਤ ਤੋਂ ਯੂਐਸਏ ਦੀ ਬਣੀ ਪਿਸਤੌਲ ਸਪਲਾਈ ਕਰਨ ਤੇ ਉਸ ਦੀ ਵਰਤੋਂ ਕਰਨ ਸਬੰਧੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਮੋਹਿਤ ਭਾਰਦਵਾਜ ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਦਾ ਕਰੀਬੀ ਹੈ। ਇਸ ਲਈ ਪੁਲਿਸ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਫਿਰੌਤੀ ਦੀਆਂ ਵੱਖ-ਵੱਖ ਘਟਨਾਵਾਂ ਸਬੰਧੀ ਵੀ ਪੜਤਾਲ ਕਰ ਰਹੀ ਹੈ। 


ਲੰਘੇ ਦਿਨ ਚੰਡੀਗੜ੍ਹ ਪੁਲਿਸ ਨੇ ਮਨੀਮਾਜਰਾ ਵਿੱਚ ਮੋਹਿਤ ਭਾਰਦਵਾਜ ਦੀ ਤਲਾਸ਼ੀ ਲਈ ਤਾਂ ਅਮਰੀਕਾ ਦਾ ਬਣਿਆ ਪਿਸਤੌਲ ਬਰਾਮਦ ਹੋਇਆ ਸੀ। ਪੁਲਿਸ ਨੇ ਮੋਹਿਤ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਉਹ ਦੀਪਕ ਟੀਨੂ ਦਾ ਕਰੀਬੀ ਹੈ, ਜਿਸ ਦੇ ਕਹਿਣ ’ਤੇ ਜੁਲਾਈ 2022 ਵਿੱਚ ਸੀਆਈਏ ਸਟਾਫ ਮਾਨਸਾ ਦੇ ਸਾਬਕਾ ਇੰਚਾਰਜ ਐਸਆਈ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਵਿੱਚ ਮਹਿੰਗੀ ਸ਼ਾਪਿੰਗ ਕਰਵਾਈ ਸੀ ਤੇ ਕਲੱਬਾਂ ਵਿੱਚ ਘੁਮਾਇਆ ਗਿਆ ਸੀ।