Punjab News: ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀਆਂ ਖ਼ਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਦਾ ਇੱਕ ਕਾਰਨ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਵੀ ਮੰਨਿਆ ਜਾ ਰਿਹਾ ਹੈ। ਕਿਉਂਕਿ ਅਕਾਲੀ ਦਲ ਦਾ ਬਸਪਾ ਜਾਂ ਭਾਜਪਾ ਨਾਲ ਗਠਜੋੜ ਹੋ ਸਕਦਾ ਹੈ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਹੁਣ ਵੀ ਖਿਚੜੀ ਰਿੱਝਦੀ ਨਜ਼ਰ ਆ ਰਹੀ ਹੈ।


ਅਕਾਲੀ ਦਲ ਤੋਂ ਦੂਰੀ ਬਣਾ ਸਕਦੀ ਹੈ ਬਸਪਾ 


ਦੱਸ ਦੇਈਏ ਕਿ ਜਲੰਧਰ ਲੋਕ ਸਭਾ ਦੀ ਉਪ ਚੋਣ ਵੀ ਅਕਾਲੀ ਦਲ ਅਤੇ ਬਸਪਾ ਨੇ ਮਿਲ ਕੇ ਲੜੀਆਂ ਹਨ। ਪਰ ਦੋਵਾਂ ਪਾਰਟੀਆਂ ਦਾ ਗਠਜੋੜ ਇਸ ਚੋਣ ਵਿੱਚ ਕੋਈ ਜਾਦੂ ਨਹੀਂ ਦਿਖਾ ਸਕਿਆ। ਸਿਆਸੀ ਮਾਹਿਰਾਂ ਅਨੁਸਾਰ ਇਸ ਉਪ ਚੋਣ ਵਿੱਚ ਜੇ ਭਾਜਪਾ ਅਤੇ ਅਕਾਲੀ ਦਲ ਇਕੱਠੇ ਹੁੰਦੇ ਤਾਂ ਜਿੱਤ ਦੀ ਸੰਭਾਵਨਾ ਬਣ ਸਕਦੀ ਸੀ। ਪਰ ਹੁਣ ਅਕਾਲੀ ਦਲ ਲਈ ਬਸਪਾ ਦਾ ਸਾਥ ਛੱਡਣਾ ਆਸਾਨ ਨਹੀਂ ਹੋਵੇਗਾ। ਬਸਪਾ, ਅਕਾਲੀ ਦਲ ਦੇ ਭਾਜਪਾ ਨਾਲ ਗਠਜੋੜ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਫਿਰ ਵੀ ਜੇ ਅਕਾਲੀ ਦਲ ਅਜਿਹਾ ਕਰਦਾ ਹੈ ਤਾਂ ਬਸਪਾ ਅਕਾਲੀ ਦਲ ਤੋਂ ਦੂਰੀ ਬਣਾ ਲਵੇਗੀ।


ਅਕਾਲੀ ਦਲ ਨੂੰ ਵੀ ਬਸਪਾ ਨਾਲੋਂ ਨਾਤਾ ਟੁੱਟਣ ਦਾ ਡਰ 


ਦਿਹਾਤੀ ਹਲਕਿਆਂ ਵਿੱਚ ਬੈਠੇ ਅਕਾਲੀ ਆਗੂਆਂ ਨੂੰ ਡਰ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਗੱਠਜੋੜ ਕਰਦੀ ਹੈ ਤਾਂ ਦਲਿਤਾਂ ਅਤੇ ਕਿਸਾਨਾਂ ਦੀਆਂ ਵੋਟਾਂ ਉਨ੍ਹਾਂ ਦੇ ਹੱਥੋਂ ਨਿਕਲ ਸਕਦੀਆਂ ਹਨ। ਕਿਉਂਕਿ ਪਿੰਡਾਂ ਵਿੱਚ ਭਾਜਪਾ ਦਾ ਪ੍ਰਭਾਵ ਅਜੇ ਵੀ ਘੱਟ ਹੈ। ਅਕਾਲੀ ਦਲ ਨੂੰ ਵੀ ਬਸਪਾ ਦੇ ਸਮਰਥਨ ਦੀ ਲੋੜ ਹੈ ਕਿਉਂਕਿ ਇਸ ਦਾ ਪੇਂਡੂ ਖੇਤਰ ਵਿੱਚ ਵੱਡਾ ਜਨ ਆਧਾਰ ਹੈ। ਜਿਸ ਕਾਰਨ ਅਕਾਲੀ ਦਲ ਲਈ ਬਸਪਾ ਦਾ ਸਮਰਥਨ ਛੱਡਣਾ ਮੁਸ਼ਕਿਲ ਹੈ।


ਹਾਲੇ ਦੋਵਾਂ ਪਾਰਟੀਆਂ ਨੇ ਸਮਝੌਤੇ ਨੂੰ ਦਿੱਤਾ ਕੋਰਾ ਜਵਾਬ


ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲ ਗਠਜੋੜ ਬਾਰੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਬਸਪਾ ਨਾਲ ਹੈ, ਇਸ ਲਈ ਭਾਜਪਾ ਨਾਲ ਗਠਜੋੜ ਦਾ ਸਵਾਲ ਕਿੱਥੋਂ ਆਉਂਦਾ ਹੈ? ਭਾਜਪਾ ਨਾਲ ਗਠਜੋੜ ਦੀਆਂ ਗੱਲਾਂ ਸਿਰਫ਼ ਮੀਡੀਆ ਦੀਆਂ ਕਿਆਸਅਰਾਈਆਂ ਹਨ। ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਗਠਜੋੜ ਬਾਰੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਭਾਜਪਾ ਆਪਣੇ ਬਲਬੂਤੇ ਪੰਜਾਬ ਦੀ ਭਵਿੱਖੀ ਰਾਜਨੀਤੀ ਵਿੱਚ ਅਹਿਮ ਰੋਲ ਅਦਾ ਕਰੇਗੀ।