Punjab News: ਭਾਰੀ ਮੀਂਹ ਤੋਂ ਬਾਅਦ ਪੰਜਾਬ 'ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 14 ਜ਼ਿਲ੍ਹਿਆਂ ਦੇ ਕਰੀਬ 1058 ਪਿੰਡ ਹੜ੍ਹ ਦੀ ਲਪੇਟ ਵਿੱਚ ਹਨ। ਅਜਿਹੇ 'ਚ ਹਾਲਾਤ ਵਿਗੜਦੇ ਦੇਖ ਪੰਜਾਬ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਕੂਲ 16 ਜੁਲਾਈ ਤੱਕ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਕਿਹਾ, ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਵਾਧਾ ਕੀਤਾ ਜਾਂਦਾ ਹੈ। 17 ਜੁਲਾਈ (ਸੋਮਵਾਰ) ਤੋਂ ਸਕੂਲ ਆਮ ਵਾਂਗ ਖੁੱਲ੍ਹਣਗੇ।
ਜ਼ਿਕਰ ਕਰ ਦਈਏ ਕਿ ਸੰਗਰੂਰ ਵਿੱਚ ਘੱਗਰ ਦਰਿਆ ਵਿੱਚ ਆਏ ਹੜ੍ਹ ਦੇ ਕਾਰਨ ਪੰਜਾਬ ਦਾ ਹਰਿਆਣਾ ਦੇ ਨਾਲ ਸੰਪਰਕ ਟੁੱਟ ਗਿਆ ਹੈ। ਲੁਧਿਆਣਾ ਹਿਸਾਰ ਨੈਸ਼ਨਲ ਹਾਈਵੇ ਪਾਣੀ ਦੇ ਚੱਲਦੇ ਬੰਦ ਹੋ ਗਿਆ ਹੈ। ਰੋਡ ਉੱਤੇ ਜਾਮ ਲੱਗਾ ਹੋਇਆ ਤੇ ਨੈਸ਼ਨਲ ਹਾਈਵੇ ਦੇ ਉੱਪਰੋ ਪਾਣੀ ਵਹਿ ਰਿਹਾ ਹੈ। ਉੱਥੇ ਹੀ ਫਿਰੋਜ਼ਪੁਰ ਵਿੱਚ ਸਤਲੁਜ ਦਰਿਆ 'ਤੇ ਬਣਿਆ ਹਜ਼ਾਰੇ ਦਾ ਪੁਲ ਵੀ ਰੁੜ੍ਹ ਗਿਆ ਹੈ। ਜਿਸ ਕਾਰਨ 2 ਦਰਜਨ ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਫਿਰੋਜ਼ਪੁਰ ਦੇ ਕਰੀਬ 60 ਪਿੰਡ ਪਾਣੀ ਵਿੱਚ ਡੁੱਬ ਗਏ ਹਨ।
ਇਸ ਤੋਂ ਇਲਾਵਾ ਭਾਖੜਾ ਬਿਆਸ ਡੈਮ ਮੈਨੇਜਮੈਂਟ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜਾਂ (Rescue Operation) ਨੇ ਤੇਜ਼ੀ ਫੜ ਲਈ ਹੈ। ਰਾਤ ਨੂੰ ਵੀ ਕਈ ਥਾਵਾਂ 'ਤੇ ਬਚਾਅ ਕਾਰਜ ਜਾਰੀ ਰਿਹਾ। ਹੜ੍ਹ ਦੀ ਵਜ੍ਹਾ ਨਾਲ ਪੰਜਾਬ ਦੇ 14 ਜ਼ਿਲ੍ਹਿਆਂ ਦੇ ਕਰੀਬ 1058 ਪਿੰਡ ਪ੍ਰਭਾਵਿਤ ਦੱਸੇ ਜਾ ਰਹੇ ਹਨ। ਰੋਪੜ ਜ਼ਿਲ੍ਹੇ ਦੀ ਹਾਲਤ ਵੀ ਬੇਹੱਦ ਮਾੜੀ ਦੱਸੀ ਜਾ ਰਹੀ ਹੈ।