Bathinda Lok Sabha Seat: ਬਠਿੰਡਾ ਲੋਕ ਸਭਾ ਹਲਕਾ ਵੀ ਪੰਜਾਬ ਦੀਆਂ ਹੌਟ ਸੀਟਾਂ ਵਿੱਚੋਂ ਇੱਕ ਹੈ। ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਵਿੱਚ ਬਾਦਲ ਪਰਿਵਾਰ ਦਾ ਦਬਦਬਾ ਰਿਹਾ ਹੈ। ਇਸ ਲਈ ਬਠਿੰਡਾ ਹਲਕੇ ਨੂੰ ਬਾਦਲ ਪਰਿਵਾਰ ਦਾ ਗੜ੍ਹ ਕਿਹਾ ਜਾਂਦਾ ਹੈ ਪਰ ਇਸ ਵਾਰ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਸਾਹਮਣੇ ਸਖਤ ਚੁਣੌਤੀ ਹੈ। ਇਸ ਨੂੰ ਚੁਣੌਤੀ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਆਪਣੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। 



ਦੂਜੇ ਪਾਸੇ ਕਾਂਗਰਸ ਨੇ ਵੀ ਬਾਦਲ ਪਰਿਵਾਰ ਦੀ ਕਾਟ ਲਈ ਸਾਬਕਾ ਅਕਾਲੀ ਲੀਡਰ ਜੀਤ ਮਹਿੰਦਰ ਸਿੰਘ ਸਿੱਧੂ ਉਪਰ ਦਾਅ ਖੇਡਿਆ ਹੈ। ਇਸ ਦੇ ਨਾਲ ਹੀ ਬੀਜੇਪੀ ਨੇ ਮਲੂਕਾ ਪਰਿਵਾਰ ਦੀ ਨੂੰਹ ਤੇ ਸਾਬਕਾ ਆਈਏਐਸ ਪਰਮਪਾਲ ਕੌਰ ਨੂੰ ਉਮੀਦਵਾਰ ਬਣਾਇਆ ਹੈ। ਇਸ ਦਾ ਵੀ ਨੁਕਸਾਨ ਅਕਾਲੀ ਦਲ ਨੂੰ ਹੀ ਹੋ ਸਕਦਾ ਹੈ। 


ਦਰਅਸਲ, ਇਸ ਸੀਟ 'ਤੇ ਹਰਸਿਮਰਤ ਬਾਦਲ ਦਾ ਆਪਣੀ ਹੀ ਪਾਰਟੀ ਦੇ ਦੋ ਸਾਬਕਾ ਸਾਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ। ਦੋ ਵਾਰ ਵਿਧਾਇਕ ਰਹੇ ਤੇ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰੀਏ ਤਾਂ ਉਹ ਟਕਸਾਲੀ ਅਕਾਲੀ ਰਹੇ ਹਨ ਪਰ ਹੁਣ ਜਦੋਂ ਅਕਾਲੀ ਦਲ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ ਤਾਂ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਆਈਏਐਸ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਈ ਹੈ। 


ਦੂਜੇ ਪਾਸੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ 2014 ਤੋਂ 2023 ਤੱਕ ਅਕਾਲੀ ਦਲ ਨਾਲ ਸਨ। ਇਸ ਦੌਰਾਨ ਉਹ ਹਮੇਸ਼ਾ ਹਰਸਿਮਰਤ ਬਾਦਲ ਲਈ ਵੋਟਾਂ ਮੰਗਦੇ ਰਹੇ ਹਨ ਪਰ ਇਸ ਵਾਰ ਉਹ ਹਰਸਿਮਰਤ ਬਾਦਲ ਸਾਹਮਣੇ ਡਟੇ ਹੋਏ ਹਨ। ਦਰਅਸਲ ਜੀਤ ਮਹਿੰਦਰ ਸਿੰਘ ਸਿੱਧੂ 2013 ਤੱਕ ਕਾਂਗਰਸ ਦੇ ਸਮਰਥਕ ਸਨ। ਦਸ ਸਾਲ ਅਕਾਲੀ ਦਲ ਵਿੱਚ ਰਹਿਣ ਤੋਂ ਬਾਅਦ ਉਹ 2023 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ ਤੇ ਹੁਣ ਉਮੀਦਵਾਰ ਬਣੇ ਹਨ। 


ਦਰਅਸਲ ਸਾਲ 2009 ਤੋਂ 2019 ਦਰਮਿਆਨ ਹੋਈਆਂ 3 ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪਹਿਲੀਆਂ ਚੋਣਾਂ 'ਚ ਹਰਸਿਮਰਤ ਬਾਦਲ 1.20 ਲੱਖ ਵੋਟਾਂ ਨਾਲ ਜਿੱਤੇ ਸਨ ਪਰ 2014 ਦੀਆਂ ਚੋਣਾਂ 'ਚ ਉਨ੍ਹਾਂ ਨੇ ਆਪਣੇ ਦਿਓਰ ਮਨਪ੍ਰੀਤ ਬਾਦਲ ਖਿਲਾਫ ਚੋਣ ਲੜੀ ਸੀ। ਇਸ ਚੋਣ 'ਚ ਹਰਸਿਮਰਤ ਨੇ ਫਿਰ ਜਿੱਤ ਦਰਜ ਕੀਤੀ ਸੀ ਪਰ ਜਿੱਤ ਦਾ ਫਰਕ 19,395 ਰਹਿ ਗਿਆ ਸੀ। ਇਸ ਮਗਰੋਂ 2019 'ਚ ਹਰਸਿਮਰਤ ਬਾਦਲ ਨੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,772 ਵੋਟਾਂ ਨਾਲ ਹਰਾਇਆ ਸੀ ਪਰ ਹੁਣ ਇਹ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ।


ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਜੀਤ ਮਹਿੰਦਰ ਸਿੰਘ ਤੇ ਪਰਮਪਾਲ ਕੌਰ ਅਕਾਲੀ ਦਲ ਦੀਆਂ ਵੋਟਾਂ ਕੱਟਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਹਰਸਿਮਰਤ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਦਾ ਸਿੱਧਾ ਫਾਇਦਾ ਹੋ ਸਕਦਾ ਹੈ। 'ਆਪ' ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ 2022 ਵਿੱਚ ਸਿਆਸਤ ਦੇ ਬਾਬਾ ਬੋਹੜ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਚੁੱਕੇ ਹਨ। 


2011 ਦੀ ਮਰਦਮਸ਼ੁਮਾਰੀ ਅਨੁਸਾਰ, ਬਠਿੰਡਾ ਸ਼ਹਿਰ ਦੇ 62.61% ਲੋਕ ਹਿੰਦੂ ਹਨ। ਜਦਕਿ 35.04% ਸਿੱਖ ਹਨ ਪਰ ਜੇਕਰ ਬਠਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਸਿੱਖ ਬਹੁਗਿਣਤੀ ਵਿੱਚ ਹਨ। ਆਬਾਦੀ ਦਾ 62.61% ਸਿੱਖ ਤੇ 35.04% ਹਿੰਦੂ ਹਨ। ਮਾਨਸਾ ਵੀ ਬਠਿੰਡਾ ਲੋਕ ਸਭਾ ਹਲਕੇ ਵਿੱਚ ਪੈਂਦਾ ਹੈ ਜਿੱਥੇ 77.75% ਸਿੱਖ ਹਨ। ਜਦਕਿ ਹਿੰਦੂਆਂ ਦੀ ਗਿਣਤੀ 20.34% ਹੈ।


ਇਸ ਸੀਟ 'ਤੇ 9 ਵਿਧਾਨ ਸਭਾ ਹਲਕੇ ਹਨ ਜਿਸ ਵਿੱਚ ਇੱਕ ਪਾਸੇ ਬਠਿੰਡਾ ਤੇ ਦੂਜੇ ਪਾਸੇ ਮਾਨਸਾ ਹੈ। ਬਠਿੰਡਾ ਤੇ ਮਾਨਸਾ ਦੇ ਵੋਟਰ ਹਮੇਸ਼ਾ ਉਲਟ ਦਿਸ਼ਾ ਵੱਲ ਜਾਂਦੇ ਹਨ। 2019 ਵਿੱਚ ਅਕਾਲੀ ਦਲ ਬਠਿੰਡਾ ਦੇ 5 ਸਰਕਲਾਂ ਲੰਬੀ, ਭੁੱਚੋ ਮੰਡੀ, ਬਠਿੰਡਾ ਅਰਬਨ, ਬਠਿੰਡਾ ਦਿਹਾਤੀ ਤੇ ਬੁਢਲਾਡਾ ਵਿੱਚ ਅੱਗੇ ਸੀ। ਜਦੋਂਕਿ ਤਲਵੰਡੀ ਸਾਬੋ, ਮੌੜ, ਮਾਨਸਾ ਤੇ ਸਰਦੂਲਗੜ੍ਹ ਵਿੱਚ ਕਾਂਗਰਸ ਅੱਗੇ ਸੀ ਪਰ ਇਸ ਵਾਰ ਸਮੀਕਰਨ ਬਦਲ ਗਏ ਹਨ। 


ਹਿੰਦੂ ਵੋਟਰਾਂ ਦਾ ਝੁਕਾਅ ਭਾਜਪਾ ਵੱਲ ਨਜ਼ਰ ਆ ਰਿਹਾ ਹੈ ਜਿਸ ਦਾ ਅਸਰ ਤਿੰਨਾਂ ਪਾਰਟੀਆਂ ਕਾਂਗਰਸ, ਆਪ ਤੇ ਅਕਾਲੀ ਦਲ 'ਤੇ ਪਵੇਗਾ। ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ ਤੇ ਬੁਢਲਾਡਾ ਵਿੱਚ ਅਕਾਲੀ ਦਲ ਮਜ਼ਬੂਤ ​​ਨਜ਼ਰ ਆ ਰਿਹਾ ਹੈ।