Punjab News: ਮੋਮਬੱਤੀ ਦੀ ਰੌਸ਼ਨੀ ਦੀ ਮਦਦ ਨਾਲ ਬੱਚੇ ਨੂੰ ਜਨਮ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਦੇ ਸਿਹਤ ਮਹਿਕਮੇ ਉੱਪਰ ਸਵਾਲ ਉੱਠ ਰਹੇ ਹਨ। ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਬਾਜਵਾ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਹੋਰ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਬਜਾਏ ਮੌਜੂਦਾ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਪੂਰਾ ਧਿਆਨ ਦੇਣ ਦੀ ਅਪੀਲ ਕੀਤੀ ਹੈ। 



ਉਨ੍ਹਾਂ ਕਿਹਾ ਕਿ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਡਾਕਟਰਾਂ ਜਾਂ ਹੋਰ ਮੈਡੀਕਲ ਸਟਾਫ਼ ਦੀ ਮਦਦ ਤੋਂ ਬਿਨਾਂ ਆਮ ਆਦਮੀ ਕਲੀਨਿਕ ’ਚ ਇਕ ਔਰਤ ਦਾ ਜਣੇਪਾ ਦਿਖਾਇਆ ਗਿਆ ਸੀ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਿਚ ਮੋਰਿੰਡਾ ਹਸਪਤਾਲ ’ਚ ਬਿਜਲੀ ਨਾ ਹੋਣ ਕਾਰਨ ਮੋਮਬੱਤੀ ਦੀ ਰੌਸ਼ਨੀ ਦੀ ਮਦਦ ਨਾਲ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ। 


ਬਾਜਵਾ ਨੇ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ ਪੀੜਤ ਪਰਿਵਾਰ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਸਬੰਧਤ ਹਨ। ਅਜਿਹੀਆਂ ਭਿਆਨਕ ਘਟਨਾਵਾਂ ਸਾਬਤ ਕਰਦੀਆਂ ਹਨ ਕਿ ‘ਆਪ’ ਸਰਕਾਰ ਗ਼ਰੀਬ ਲੋਕਾਂ ਨਾਲ ਸਬੰਧਤ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਗ਼ੈਰ-ਸੰਵੇਦਨਸ਼ੀਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਹਾਲ ਹੀ ’ਚ ਆਏ ਹੜ੍ਹਾਂ ਤੋਂ ਬਾਅਦ ਹੜ੍ਹ ਪੀੜਤ ‘ਆਪ’ ਸਰਕਾਰ ਦੇ ਬਹੁਚਰਚਿਤ ਮੁਹੱਲਾ ਕਲੀਨਿਕ ਤੇ ਆਮ ਆਦਮੀ ਕਲੀਨਿਕ ਪ੍ਰੋਗਰਾਮਾਂ ਤਹਿਤ ਮੈਡੀਕਲ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ। ਬਾਜਵਾ ਨੇ ਕਿਹਾ ਕਿ ਸਰਕਾਰ ਇਸ ਬਾਰੇ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਹੈ। 


ਉਨ੍ਹਾਂ ਕਿਹਾ ਕਿ ਮੌਜੂਦਾ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਮਾਹਿਰ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕਰਨ ਦੀ ਬਜਾਏ ‘ਆਪ’ ਸਰਕਾਰ ਸੂਬੇ ਵਿੱਚ ਦਿੱਲੀ ਦੇ ਖ਼ਰਾਬ ਸਿਹਤ ਮਾਡਲ ਨੂੰ ਦੁਹਰਾਉਣ ’ਤੇ ਤੁਲੀ ਹੋਈ ਹੈ। ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ 125 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਜਾ ਰਹੀ ਹੈ, ਜਿਨ੍ਹਾਂ ਵਿਚੋਂ 85 ਫ਼ੀਸਦੀ ਸ਼ਹਿਰੀ ਖੇਤਰਾਂ ਵਿਚ ਸਥਾਪਤ ਕੀਤੇ ਜਾ ਰਹੇ ਹਨ। 


ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੀ ਸਰਕਾਰ ਆਉਣ ਵਾਲੇ ਆਮ ਆਦਮੀ ਕਲੀਨਿਕਾਂ ਲਈ ਹੋਰ ਸਟਾਫ਼ ਦੀ ਭਰਤੀ ਕਰੇਗੀ ਜਾਂ ਪਹਿਲਾਂ ਦੀ ਤਰਾਂ ਉਨ੍ਹਾਂ ਦੀ ਸਰਕਾਰ ਸਿਹਤ ਕੇਂਦਰਾਂ ਅਤੇ ਡਿਸਪੈਂਸਰੀਆਂ ਦੀਆਂ ਪੁਰਾਣੀਆਂ ਇਮਾਰਤਾਂ ਦਾ ਨਵੀਨੀਕਰਨ ਕਰੇਗੀ ਤਾਂ ਜੋ ਉਨ੍ਹਾਂ ਦਾ ਨਾਮ ਉਨ੍ਹਾਂ ਦੀ ਪਾਰਟੀ ਦੇ ਨਾਂ ’ਤੇ ਰੱਖਿਆ ਜਾ ਸਕੇ।