Punjab Budget 2022-23: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜੋ 24 ਮਾਰਚ ਤੱਕ ਚੱਲੇਗਾ। ਅੱਜ ਸਵੇਰੇ 10 ਵਜੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 'ਆਪ' ਦੇ ਸਾਰੇ 92 ਵਿਧਾਇਕਾਂ ਸਮੇਤ ਵਿਧਾਨ ਸਭਾ ਪਹੁੰਚਣਗੇ। ਫਿਰ ਰਾਜਪਾਲ ਦਾ ਸੰਬੋਧਨ ਹੋਵੇਗਾ ਤੇ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਏਗੀ। ਇਸ ਤੋਂ ਬਾਅਦ ਦੁਪਹਿਰ ਬਾਅਦ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਂਝ ਬਜਟ 10 ਮਾਰਚ ਨੂੰ ਪੇਸ਼ ਕੀਤਾ ਜਾਏਗਾ।
ਪੰਜਾਬ ਸਰਕਾਰ ਵੱਲੋਂ ਇਸ ਬਜਟ ਵਿੱਚ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਤੇ ਅਧੂਰੀਆਂ ਸਕੀਮਾਂ ਨੂੰ ਪੂਰਾ ਕਰਨ ਲਈ ਐਲਾਨ ਕੀਤੇ ਜਾਣਗੇ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਵੀ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਘੜੀ ਹੈ।
ਹਾਲਾਂਕਿ ਸਦਨ ਵਿੱਚ ਪਹਿਲੇ ਦਿਨ ਦਾ ਮਾਹੌਲ ਜ਼ਿਆਦਾ ਗਰਮ ਹੋਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਰਾਜਪਾਲ ਦੇ ਭਾਸ਼ਣ ਤੇ ਫਿਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇਗੀ। ਸਦਨ ਦੀ ਸਰਗਰਮ ਕਾਰਵਾਈ ਤੇ ਸਰਕਾਰ ਤੇ ਵਿਰੋਧੀ ਧਿਰਾਂ ਦਰਮਿਆਨ ਟਕਰਾਅ ਦਾ ਸਿਲਸਿਲਾ ਦੂਜੇ ਦਿਨ ਤੋਂ ਤੇਜ਼ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਇਹ ਦੂਜੇ ਬਜਟ ਹੈ। ਕਰੀਬ 7 ਮਹੀਨੇ ਪਹਿਲਾਂ 'ਆਪ' ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਉਸ ਸਮੇਂ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ 2022-23 ਲਈ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਖਰਚੇ ਦਾ ਅਨੁਮਾਨ ਲਗਾਇਆ ਸੀ, ਜੋ ਸਾਲ 2021-22 ਦੇ ਮੁਕਾਬਲੇ 14 ਫੀਸਦੀ ਵੱਧ ਹੈ। ਹਾਲਾਂਕਿ 'ਆਪ' ਸਰਕਾਰ ਵੱਲੋਂ ਉਸ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਕੁਝ ਵਾਅਦਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।
ਇਹ ਵੀ ਅਹਿਮ ਹੈ ਕਿ ਇਸ ਵਾਰ ਬਜਟ ਸੈਸ਼ਨ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਐਤਕੀਂ ਇਜਲਾਸ ਮੁੱਖ ਮੰਤਰੀ ਤੇ ਰਾਜਪਾਲ ਦੇ ਸਬੰਧਾਂ ’ਚ ਬਣੀ ਸਿਆਸੀ ਖਟਾਸ ਦਰਮਿਆਨ ਹੋ ਰਿਹਾ ਹੈ। ਇਸ ਵਾਰ ਪੰਜਾਬ ਸਰਕਾਰ ਨੂੰ ਬਜਟ ਸੈਸ਼ਨ ਬੁਲਾਏ ਜਾਣ ਦੇ ਮੁੱਦੇ ’ਤੇ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਿਆ। ਇਹ ਵੱਖਰੀ ਗੱਲ ਹੈ ਕਿ ਰਾਜਪਾਲ ਨੇ ਆਪਣੇ ਪਹਿਲੇ ਸਟੈਂਡ ਤੋਂ ਮੋੜਾ ਕੱਟਦਿਆਂ 28 ਫਰਵਰੀ ਨੂੰ ਬਜਟ ਇਜਲਾਸ ਸੱਦੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ।
ਦੱਸ ਦਈਏ ਕਿ ਐਤਕੀਂ ਜੀ-20 ਸੰਮੇਲਨ ਦੇ ਸਮਾਗਮਾਂ ਕਰਕੇ ਬਜਟ ਸੈਸ਼ਨ ਦੋ ਪੜਾਵਾਂ ਵਿੱਚ ਹੋਵੇਗਾ। ਪਹਿਲੇ ਪੜਾਅ ’ਚ 3 ਮਾਰਚ ਤੋਂ 11 ਮਾਰਚ ਤੱਕ ਸੈਸ਼ਨ ਚੱਲੇਗਾ ਤੇ ਮੁੜ 22 ਮਾਰਚ ਨੂੰ ਸਦਨ ਜੁੜੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 2023-24 ਵਰ੍ਹੇ ਦਾ ਬਜਟ 10 ਮਾਰਚ ਨੂੰ ਪੇਸ਼ ਕਰਨਗੇ।