Punjab News: ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰ ਦਿੱਤਾ ਹੈ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਹੈ। ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਵੱਧ ਗਿਆ ਹੈ। ਬਜਟ ਭਾਸ਼ਣ ਦੀ ਸ਼ੁਰੂਆਤ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਹਾਲਾਂਕਿ ਦਿੱਲੀ ਅਤੇ ਹਿਮਾਚਲ ਤੋਂ ਬਾਅਦ ਪੰਜਾਬ ਵਿੱਚ ਵੀ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਐਲਾਨ ਦੀ ਉਮੀਦ ਸੀ ਪਰ ਇਹ ਪੂਰੀ ਨਹੀਂ ਹੋਈ।


ਦਿੱਲੀ ਸਰਕਾਰ ਨੇ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਐਲਾਨ


ਜ਼ਿਕਰ ਕਰ ਦਈਏ ਕਿ ਬੀਤੇ ਦਿਨ ਦਿੱਲੀ ਦੇ ਵਿੱਤ ਮੰਤਰੀ ਆਤਿਸ਼ੀ ਨੇ  ਕੇਜਰੀਵਾਲ ਸਰਕਾਰ ਦਾ 10ਵਾਂ ਬਜਟ ਪੇਸ਼ ਕੀਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਔਰਤਾਂ ਨੂੰ ਵਿਸ਼ੇਸ਼ ਤੋਹਫ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਹੁਣ ਦਿੱਲੀ ਦੀ ਹਰ ਔਰਤ ਨੂੰ 1000 ਰੁਪਏ ਦੇਵੇਗੀ। 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਕੇਜਰੀਵਾਲ ਸਰਕਾਰ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ 1000 ਰੁਪਏ ਦੇਵੇਗੀ।


ਹਿਮਾਚਲ ਦੀ ਸਰਕਾਰ ਨੇ ਵੀ 1000 ਰੁਪਏ ਦੇਣ ਦਾ ਕੀਤਾ ਹੈ ਐਲਾਨ


ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੱਲ੍ਹ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਅਗਲੇ ਵਿੱਤੀ ਸਾਲ ਤੋਂ 18 ਤੋਂ 60 ਸਾਲ ਦੇ ਉਮਰ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਇਆ ਕਰਨਗੇ। ਇਹ ਕਾਂਗਰਸ ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀਆਂ ਦਸ ‘ਗਾਰੰਟੀਆਂ’ ਵਿੱਚੋਂ ਇੱਕ ਹੈ।


ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਕੀਤਾ ਸੀ ਵਾਅਦਾ


ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਸਮੇਂ ਆਪਣੀਆਂ ਗਰੰਟੀਆਂ ਵਿਚ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ, ਹਾਲਾਂਕਿ 2 ਸਾਲ ਤੋਂ ਵੱਧ ਦਾ ਸਮਾਂ ਲੰਘਣ ਪਿੱਛੋਂ ਵੀ ਸਰਕਾਰ ਆਪਣੀ ਗਰੰਟੀ ਪੂਰੀ ਨਹੀਂ ਕਰ ਸਕੀ। ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਪੰਜਾਬ ਸਰਕਾਰ ਵੀ ਇਸ ਨੂੰ ਲੈ ਕੇ ਐਲਾਨ ਕਰ ਸਕਦੀ ਹੈ ਪਰ ਸਰਕਾਰ ਨੇ ਇਸ ਵਾਰ ਵੀ ਲਾਰਿਆਂ ਵਿੱਚ ਰੱਖਿਆ ਹੈ।