Punjab News: ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚੋਂ ਪੰਜਾਬੀਆਂ ਨੂੰ ਝਟਕਾ ਲੱਗਿਆ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਸੂਬਾ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲ 'ਤੇ ਵੈਟ 'ਚ 61 ਪੈਸੇ ਅਤੇ ਡੀਜ਼ਲ 'ਤੇ 92 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਅਤੇ ਡੀਜ਼ਲ ਤੋਂ 392 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਮਹਿੰਗਾਈ ਦਾ ਬੋਝ ਲੋਕਾਂ 'ਤੇ ਥੋਪਣ ਦੇ ਸਵਾਲ 'ਤੇ ਚੀਮਾ ਨੇ ਕਿਹਾ ਕਿ ਇਸ ਤੋਂ ਆਉਣ ਵਾਲਾ ਪੈਸਾ ਪੰਜਾਬ ਦੇ ਵਿਕਾਸ 'ਤੇ ਹੀ ਖਰਚ ਕੀਤਾ ਜਾਵੇਗਾ।


 



ਖੇਤੀ ਨੀਤੀ ਬਾਰੇ ਮੀਟਿੰਗ 'ਚ ਕੀ ਹੋਇਆ ਫ਼ੈਸਲਾ ?


ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਖੇਤੀਬਾੜੀ ਨੀਤੀ ਲਿਆਂਦੀ ਜਾਵੇਗੀ। ਮੁੱਖ ਮੰਤਰੀ ਅੱਜ ਖੇਤੀ ਨੀਤੀ ਸਬੰਧੀ ਕਿਸਾਨਾਂ ਨਾਲ ਮੀਟਿੰਗ ਵੀ ਕਰਨਗੇ ਅਤੇ ਆਉਣ ਵਾਲੇ ਸੁਝਾਵਾਂ ਦੇ ਆਧਾਰ 'ਤੇ ਖੇਤੀ ਨੀਤੀ ਤਿਆਰ ਕੀਤੀ ਜਾਵੇਗੀ।


ਸਿੱਖਿਆ ਨੀਤੀ ਨੂੰ ਲੈ ਕੇ ਵੀ ਹੋਈ ਚਰਚਾ 


ਚੀਮਾ ਨੇ ਕਿਹਾ ਕਿ ਸਿੱਖਿਆ ਨੀਤੀ ਨੂੰ ਲੈ ਕੇ ਕੈਬਨਿਟ ਵਿੱਚ ਚਰਚਾ ਹੋਈ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਤਕਨੀਕੀ ਸਿੱਖਿਆ ਬਾਰੇ ਸੁਝਾਅ ਦਿੱਤੇ ਹਨ ਤੇ ਇਸ ਲਈ ਮਾਹਿਰਾਂ ਤੋਂ ਸੁਝਾਅ ਲਏ ਜਾਣਗੇ, ਜਿਸ ਤੋਂ ਬਾਅਦ ਸਰਕਾਰ ਸਿੱਖਿਆ ਨੀਤੀ ਲਿਆਵੇਗੀ, ਵਿੱਤ ਮੰਤਰੀ ਨੇ ਕਿਹਾ ਕਿ 10 ਹਜ਼ਾਰ ਵਿਦਿਆਰਥੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਆ ਗਏ ਹਨ।


300 ਯੂਨਿਟ ਬਿਜਲੀ ਰਹੇਗੀ ਮੁਫ਼ਤ


ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਸੱਤ ਕਿਲੋਵਾਟ ਤੱਕ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਰਾਹਤ ਦਿੱਤੀ ਗਈ ਸੀ। ਇਹ ਦੋਹਰੀ ਸਬਸਿਡੀ ਸੀ। ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਪਰ ਇਹ ਸਾਡੀ ਸਰਕਾਰ ਦੀ ਗਾਰੰਟੀ ਸੀ। ਇਹ ਫੈਸਲਾ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਲਾਗੂ ਹੋ ਗਿਆ ਸੀ। ਇਸ ਤੋਂ ਬਾਅਦ ਹੁਣ 90 ਫੀਸਦੀ ਲੋਕਾਂ ਨੂੰ ਬਿਜਲੀ ਦੇ ਬਿੱਲ ਨਹੀਂ ਆ ਰਹੇ ਹਨ।


ਟਰਾਂਸਪੋਰਟਰਾਂ ਨੂੰ ਦਿੱਤੀ ਵੱਡੀ ਰਾਹਤ 


ਵਿੱਤ ਮੰਤਰੀ ਨੇ ਕਿਹਾ ਕਿ ਟਰਾਂਸਪੋਰਟਰਾਂ ਬਾਰੇ ਵੀ ਫੈਸਲਾ ਲਿਆ ਗਿਆ ਹੈ। ਜੇ ਨਵੇਂ ਵਾਹਨ ਚਾਰ ਸਾਲ ਤੱਕ ਟੈਕਸ ਅਦਾ ਕਰਦੇ ਹਨ ਤਾਂ ਉਨ੍ਹਾਂ ਨੂੰ 10 ਫੀਸਦੀ ਟੈਕਸ ਛੋਟ ਦਿੱਤੀ ਜਾਵੇਗੀ ਅਤੇ ਜੇਉਹ 8 ਸਾਲ ਤੱਕ ਇਹੀ ਟੈਕਸ ਅਦਾ ਕਰਦੇ ਹਨ ਤਾਂ 20 ਫੀਸਦੀ ਟੈਕਸ ਮੁਆਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਟਰਾਂਸਪੋਰਟਰਾਂ ਨੂੰ ਫਾਇਦਾ ਹੋਵੇਗਾ ਸਗੋਂ ਸਰਕਾਰੀ ਖ਼ਜ਼ਾਨੇ ਵਿੱਚ ਪੈਸਾ ਵੀ ਆਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਛੋਟੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਮਿਲੇਗੀ।