Punjab News: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਉਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ, ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ ਵਿਚ ਅਨੁਸਾਸ਼ਨੀ ਕਮੇਟੀ ਵਿਚ ਕੋਈ ਵਿਵਸਥਾ ਹੀ ਨਹੀਂ ਹੈ ਇਸ ਲਈ ਇਸ ਵਲੋਂ ਲਏ ਜਾ ਰਹੇ ਸਾਰੇ ਫੈਸਲੇ ਹੀ ਗੈਰਕਾਨੂੰਨੀ ਤੇ ਰਿਵਾਇਤਾਂ ਤੋਂ ਉਲਟ ਹਨ।
ਸੁਧਾਰ ਲਹਿਰ ਦੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਾਗੀਰ ਕੌਰ, ਬਲਦੇਵ ਸਿੰਘ ਮਾਨ, ਸੁੱਚਾ ਸਿੰਘ ਛੋਟੇਪੁੱਰ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਰੱਖੜਾ ਅਤੇ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ ਵਿੱਚ ਸਿਰਫ਼ ਵਰਕਿੰਗ ਕਮੇਟੀ ਤੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਤੋਂ ਬਿਨਾਂ ਕਿਸੇ ਹੋਰ ਕਮੇਟੀ ਦੀ ਵਿਵਸਥਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਥਿਤ ਅਨੁਸਾਸ਼ਨੀ ਕਮੇਟੀ ਖ਼ੁਦ ਹੀ ਗੈਰ ਸੰਵਿਧਾਨਕ ਹੈ ਤਾਂ ਉਸ ਵਲੋਂ ਲਏ ਗਏ ਕੋਈ ਵੀ ਫੈਸਲਾ ਸੰਵਿਧਾਨਕ ਕਿਵੇਂ ਹੋ ਸਕਦਾ ਹੈ। ਇਸ ਲਈ ਇਸ ਫੈਸਲੇ ਦੀ ਨਾ ਤਾਂ ਕੋਈ ਕਾਨੂੰਨੀ ਵੁੱਕਤ ਹੈ ਅਤੇ ਨਾ ਹੀ ਇਸ ਨੂੰ ਪਾਰਟੀ ਕੇਡਰ ਨੇ ਪ੍ਰਵਾਨ ਕੀਤਾ ਹੈ
ਉਨ੍ਹਾਂ ਕਿਹਾ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਪਾਰਟੀ ਦੇ “ਸਰਪਲੱਸ” ਹੋ ਚੁੱਕੇ ਆਗੂ ਨੂੰ “ਸਰਪ੍ਰਸਤ” ਦਾ ਆਨਰੇਰੀ ਅਹੁਦਾ ਦੇਣ ਦੇ ਦਿਤੇ ਗਏ ਤਰਕ ਨੂੰ ਅਸਲੋਂ ਹੀ ਬੋਦਾ ਤੇ ਥੋਥਾ ਕਰਾਰ ਦਿੰਦਿਆਂ, ਅਕਾਲੀ ਆਗੂਆਂ ਨੇ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰਪ੍ਰਸਤ ਬਣਾਉਣ ਤੋਂ ਬਾਅਦ ਵੀ ਮੁੱਖ ਮੰਤਰੀ ਕਿਉਂ ਬਣਾ ਕੇ ਰੱਖਿਆ ਗਿਆ ਸੀ ਅਤੇ ਉਹ ਪਾਰਟੀ ਦੇ ਲਗਭਗ 15 ਸਾਲ ਸ੍ਰਪ੍ਰਸਤ ਦੇ ਤੌਰ ਅਸਲ ਮੁੱਖੀ ਕਿਵੇਂ ਬਣੇ ਰਹੇ ਹਨ। ਮਹੇਸ਼ਇੰਦਰ ਸਿੰਘ ਗਰੇਵਾਲ ਨੂੰ “ਡਰਾਇੰਗ ਰੂਮ ਤੇ ਚਾਪਲੂਸ” ਲੀਡਰ ਗਰਦਾਨਦਿਆਂ ਇਹਨਾਂ ਆਗੂਆਂ ਨੇ ਕਿਹਾ ਜ਼ਿੰਦਗੀ ਚ ਸਿਰਫ ਇੱਕ ਇਲੈਕਸਨ ਜਿੱਤਣ ਵਾਲੇ ਨੂੰ ਆਪਣੀ ਔਕਾਤ ਵੇਖ ਕੇ ਗੱਲ ਕਰਨੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਅਸਲ ਵਿਚ ‘ਬਾਦਲ ਪਰਿਵਾਰ’ ਵਲੋਂ ਨਿੱਜੀ ਰਾਜਸੀ ਹਿੱਤਾਂ ਲਈ ਡੇਰੇ ਨਾਲ ਕੀਤੀ ਗਈ ਸੌਦੇਬਾਜ਼ੀ ਦਾ ਸੱਚ ਬੇਪਰਦ ਹੋ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਉਸ ਨਾਲ ਰਹਿ ਗਏ ਇਹ ਲੋਕ ਬੁਰੀ ਤਰਾਂ ਬੁਖਲ੍ਹਾ ਗਏ ਹਨ। ਉਨ੍ਹਾਂ ਕਿਹਾ ਕਿ ਇਸ ਬੁਖ਼ਲਾਹਟ ਵਿਚੋਂ ਹੀ ਨਿੱਤ ਪਾਰਟੀ ਸੰਵਿਧਾਨ ਤੇ ਰਿਵਾਇਤਾਂ ਤੋਂ ਉਲਟ ਫੈਸਲੇ ਕਰ ਰਹੇ ਹਨ।
ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਸ ਸੱਚੇ ਹਨ ਤਾਂ ਸ੍ਰੀ ਦਰਬਾਰ ਸਾਹਿਬ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੰਗਤ ਦੇ ਸਾਹਮਣੇ ਇਹ ਕਹਿ ਦੇਣ ਕਿ ਉਹ ਡੇਰਾ ਕਾਰਕੁੰਨ ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਸਵ: ਰਾਮ ਸਿੰਘ ਨੂੰ ਨਹੀਂ ਮਿਲਦੇ ਰਹੇ। ਉਨ੍ਹਾਂ ਕਿਹਾ ਕਿ ਨਾਲ ਹੀ ਸੁਖਬੀਰ ਸਿੰਘ ਬਾਦਲ ਇਹ ਵੀ ਸਪਸ਼ਟ ਕਰ ਦੇਣ ਕਿ ਉਹ ਵੋਟਾਂ ਖਾਤਰ ਡੇਰਾ ਮੁਖੀ ਨੂੰ ਨਹੀਂ ਮਿਲਦਾ ਰਿਹਾ।