Chandigarh News : ਚੰਡੀਗੜ੍ਹ ਪੁਲਿਸ ਨੇ ਇੱਕ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਸ਼ਹਿਰ ਦੇ ਸੈਕਟਰ-8 'ਚ ਸਪਾ ਸੈਂਟਰ ਦੇ ਨਾਂਅ 'ਤੇ ਲੰਬੇ ਸਮੇਂ ਤੋਂ ਸੈਕਸ ਰੈਕੇਟ ਚੱਲ ਰਿਹਾ ਸੀ। ਇਸ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ 18 ਲੜਕੀਆਂ ਨੂੰ ਬਚਾਇਆ ਹੈ, ਜਿਨ੍ਹਾਂ 'ਚੋਂ 11 ਲੜਕੀਆਂ ਥਾਈਲੈਂਡ ਦੀਆਂ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਹੁਣ ਇਹ ਜਾਣਕਾਰੀ ਜੁਟਾਉਣ 'ਚ ਲੱਗੀ ਹੋਈ ਹੈ ਕਿ ਇਸ ਸੈਕਸ ਰੈਕੇਟ 'ਚ ਹੋਰ ਕੌਣ-ਕੌਣ ਸ਼ਾਮਲ ਹੈ।


ਫੜੇ ਗਏ ਮੁਲਜ਼ਮਾਂ 'ਚ 2 ਸਪਾ ਸੈਂਟਰ ਦੇ ਮਾਲਕ ਵੀ ਸ਼ਾਮਲ


ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਵਿਅਕਤੀਆਂ ਵਿੱਚੋਂ 2 ਸਪਾ ਸੈਂਟਰ ਦੇ ਮਾਲਕ ਹਨ। ਇਨ੍ਹਾਂ 'ਤੇ ਅਨੈਤਿਕ ਤਸਕਰੀ ਰੋਕੂ ਐਕਟ 1956 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਉਕਤ ਚਾਰਾਂ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕਰਕੇ 14 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੈਕਟਰ-45 ਚੰਡੀਗੜ੍ਹ ਦੇ ਗੁਰਮੀਤ ਸਿੰਘ, ਪੰਚਕੂਲਾ ਦੇ ਵਿਨੋਦ ਉਰਫ਼ ਵਿੱਕੀ, ਪਿੰਜੌਰ ਦੇ ਅਤੀਕ ਰਹਿਮਾਨ ਅਤੇ ਚੰਡੀਗੜ੍ਹ ਦੇ ਵਿਕਾਸ ਵਜੋਂ ਹੋਈ ਹੈ।


ਟੂਰਿਸਟ ਤੇ ਵਰਕ ਵੀਜ਼ਾ ਲੈ ਕੇ ਭਾਰਤ ਆਈਆਂ ਸਨ ਥਾਈਲੈਂਡ ਦੀਆਂ ਕੁੜੀਆਂ


ਪੁਲਿਸ ਵੱਲੋਂ ਬਚਾਈਆਂ ਗਈਆਂ 18 ਲੜਕੀਆਂ ਵਿੱਚੋਂ 11 ਥਾਈਲੈਂਡ ਦੀਆਂ ਹਨ, ਜੋ ਟੂਰਿਸਟ ਅਤੇ ਵਰਕ ਵੀਜ਼ੇ 'ਤੇ ਭਾਰਤ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੜਕੀਆਂ ਕੋਲ ਵੈਧ ਪਾਸਪੋਰਟ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੜਕੀਆਂ ਨੂੰ ਬਚਾਇਆ ਗਿਆ ਹੈ, ਉਹ ਵੱਖ-ਵੱਖ ਸੂਬਿਆਂ ਦੀਆਂ ਹਨ। ਇਨ੍ਹਾਂ ਸਾਰੀਆਂ ਲੜਕੀਆਂ ਨੂੰ ਯੂਟੀ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ-8 'ਚ ਕਈ ਸਪਾ ਸੈਂਟਰ ਚਲਦੇ ਹਨ, ਜਿਨ੍ਹਾਂ ਦੇ ਖ਼ਿਲਾਫ਼ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਵੀ ਪੁਲਿਸ ਕਈ ਵਾਰ ਕਾਰਵਾਈ ਕਰ ਚੁੱਕੀ ਹੈ। ਕੁਝ ਸਮਾਂ ਪਹਿਲਾਂ ਹੀ ਸੈਕਟਰ-8 ਦੇ ਸਪਾ ਸੈਂਟਰਾਂ 'ਤੇ ਛਾਪੇਮਾਰੀ ਦੌਰਾਨ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।