ਚੰਡੀਗੜ੍ਹ: ਮੈਰੀਟੋਰੀਅਸ ਸਕੂਲਾਂ ਦੇ ਸਟਾਫ ਵੱਲੋਂ ਪੰਜਾਬ ਭਵਨ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੱਸ ਨਾਲ ਪੈਨਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਿਤ ਸਾਰਾ ਹੀ ਅਮਲਾ ਸ਼ਾਮਿਲ ਸੀ। ਇਸ ਵਿੱਚ ਮੁੱਖ ਮੰਗਾਂ ਤੇ ਚਰਚਾ ਕੀਤੀ ਗਈ।
ਯੂਨੀਅਨ ਆਗੂਆਂ ਵੱਲੋ ਹਰ ਵਾਰ ਦੀ ਤਰ੍ਹਾਂ ਆਪਣੀ ਸਾਰੀ ਗੱਲ ਵਿਸਥਾਰ ਨਾਲ ਦੱਸੀ ਗਈ ਕਿ 2014 ਤੋਂ ਇਹ ਸਕੂਲ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ। ਅਕਾਲੀ ਸਰਕਾਰ ਤੋਂ ਲੈ ਕੇ ਆਪ ਸਰਕਾਰ ਤੱਕ ਹਰ ਮੰਤਰੀ ਤੱਕ ਪਹੁੰਚ ਕੀਤੀ ਗਈ ਪਰ ਕਿਸੇ ਵੀ ਮੰਤਰੀ ਸਹਿਬਾਨ ਵੱਲੋਂ ਸੰਤੁਸ਼ਟੀਜਨਕ ਉੱਤਰ ਨਹੀਂ ਦਿੱਤਾ ਕਿ ਤੁਹਾਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਮੀਟਿੰਗ 'ਚ ਕਿਹਾ ਕਿ 2018 ਵਿੱਚ ਵੀ ਮੈਰੀਟੋਰੀਅਸ ਸਕੂਲਾਂ ਦੇ ਸਾਰੇ ਸਟਾਫ ਤੋਂ ਬੇਸਿਕ ਪੇ ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਕਲਿੱਕ ਕਰਵਾਈ ਗਈ ਸੀ ਪਰ ਉਸਦੇ ਬਾਵਜੂਦ ਵੀ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਸਿੱਖਿਆ ਮੰਤਰੀ ਨੇ ਉਨ੍ਹਾਂ ਦੀ ਗੱਲ ਨੂੰ ਧਿਆਨ ਪੂਰਵਕ ਸੁਣਿਆ ਅਤੇ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਦਾ ਰੈਗੂਲਰ ਵਾਲਾ ਮੁੱਦਾ ਉਨ੍ਹਾਂ ਦੇ ਧਿਆਨ ਵਿਚ ਹੈ|
ਫਿਰ ਯੁਨੀਅਨ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਦੇ ਨਾਨ ਟੀਚਿੰਗ ਸਟਾਫ ਦੀਆਂ ਤਨਖਾਹਾਂ ਬਹੁਤ ਹੀ ਘੱਟ ਹਨ। ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਹੈ। ਉਨ੍ਹਾਂ ਨੂੰ ਵਧਾਇਆ ਜਾਵੇ ਅਤੇ ਘੱਟੋ-ਘੱਟ ਬਾਕੀ ਸੁਸਾਇਟੀਆਂ ਦੇ ਨਾਨ ਟੀਚਿੰਗ ਸਟਾਫ ਦੇ ਬਰਾਬਰ ਕੀਤੀਆਂ ਜਾਣ ਤਾਂ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਬਹੁਤ ਜਲਦ ਹੋਵੇਗਾ ਤੁਸੀਂ 2-3 ਮਹੀਨੇ ਔਖੇ ਸੌਖੇ ਹੋਰ ਇੰਤਜ਼ਾਰ ਕਰੋ| ਸਿੱਖਿਆ ਮੰਤਰੀ ਦੇ ਨਾਲ ਪੰਜਾਬ ਭਵਨ ਵਿੱਚ ਪੈਨਲ ਮੀਟਿੰਗ ਕਰਨ ਲਈ ਯੂਨੀਅਨ ਆਗੂ ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ, ਡਿੰਪਲ ਕੁਮਾਰ ਆਦਿ ਵੀ ਮੌਜੂਦ ਸਨ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।