Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਗਵੰਤ ਸਰਕਾਰ ਉੱਪਰ ਕਿਸਾਨਾਂ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਝੋਨੇ ਦੀ ਸਿੱਧੀ ਅਦਾਇਗੀ ਲਈ 1500 ਰੁਪਏ ਦੇਣ ਦਾ ਐਲਾਨ ਕਰਕੇ ਭਗਵੰਤ ਮਾਨ ਸਰਕਾਰ ਮੁੱਕਰ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਵਿਕਾਸ ਤੇ ਬਿਹਤਰੀ ਦੀ ਗੱਲ ਕਰਨ ਦੀ ਥਾਂ ਉਨ੍ਹਾਂ ਨੂੰ ਗੁੰਮਰਾਹ ਕਰਕੇ ਕਿਸਾਨੀ ਦਾ ਹਰ ਫ਼ਸਲ ਸਮੇਂ ਨੁਕਸਾਨ ਕਰ ਰਹੀ ਹੈ।

ਸੁਖਬੀਰ ਬਾਦਲ ਨੇ ਫੇਸਬੁੱਕ ਉੱਪਰ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਭਗਵੰਤ ਮਾਨ ਸਰਕਾਰ ਸਾਲ ਭਰ ਤੋਂ ਪੰਜਾਬੀਆਂ ਨੂੰ ਪੈਰ-ਪੈਰ 'ਤੇ ਗੁੰਮਰਾਹ ਕਰਦਿਆਂ ਆਪਣੇ ਦੁਆਰਾ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। ਸੱਤਾ ਸੰਭਾਲਦਿਆਂ ਹੀ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ  ਸਿੱਧੀ ਬਿਜਾਈ ਲਈ ਗੁੰਮਰਾਹ ਕਰਦਿਆਂ ਬਿਨ੍ਹਾਂ ਕਿਸੇ ਯੋਜਨਾ ਤੋਂ ਵੱਡੀ ਪੱਧਰ 'ਤੇ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੇਣ ਦਾ ਵਾਅਦਾ ਕੀਤਾ ਪਰ ਅੱਜ ਤੱਕ ਨਹੀਂ ਦਿੱਤੀ। 

 

 

ਉਨ੍ਹਾਂ ਅੱਗੇ ਲਿਖਿਆ ਹੈ ਕਿ ਹੋਰ ਤਾਂ ਹੋਰ ਬਹੁਤੇ ਕਿਸਾਨ ਸਰਕਾਰ ਦੇ ਇਸ ਕੱਚ-ਘਰੜ ਤਜ਼ਰਬੇ ਵਿੱਚ ਘੱਟ ਝਾੜ ਪ੍ਰਾਪਤ ਹੋਣ ਕਾਰਨ ਆਰਥਿਕ ਪੱਖੋਂ ਮਾਰ ਹੇਠ ਆ ਗਏ ਪਰ ਸਰਕਾਰ ਨੇ ਕਿਸਾਨਾਂ ਦਾ ਹੱਥ ਫੜ੍ਹਨ ਦੀ ਥਾਂ ਝੂਠਾ ਪੇਡ ਪ੍ਰਚਾਰ ਹੀ ਆਪਣਾ ਮਕਸਦ ਸਮਝਿਆ। ਅੱਜ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਸਮੇਂ ਝੋਨੇ ਦੀ ਸਿੱਧੀ ਬਿਜਾਈ ਨੂੰ ਪਿਛਲੇ ਸਾਲ ਤੋਂ ਅੱਧੇ ਰਕਬੇ ਵਿੱਚ ਹੀ ਸਿਫਾਰਸ਼ ਕਰਨਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਕਿਸਾਨਾਂ ਨਾਲ ਸਿੱਧੀ ਬਿਜਾਈ ਬਾਰੇ ਕੀਤੇ ਵਾਅਦਿਆਂ ਅਤੇ ਦਾਅਵਿਆਂ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਕੇ ਮੁੱਕਰ ਗਈ ਹੈ। 

ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਕਿਸਾਨੀ ਦਾ ਹੱਥ ਫੜ੍ਹ ਕੇ ਕਿਸਾਨਾਂ ਦੇ ਵਿਕਾਸ ਤੇ ਬਿਹਤਰੀ ਦੀ ਗੱਲ ਕਰਨ ਦੀ ਥਾਂ ਉਨ੍ਹਾਂ ਨੂੰ ਗੁੰਮਰਾਹ ਕਰਕੇ ਕਿਸਾਨੀ ਦਾ ਹਰ ਫ਼ਸਲ ਸਮੇਂ ਨੁਕਸਾਨ ਕਰ ਰਿਹਾ ਹੈ ਜੋ ਕਿ ਉਸਦੀ ਆਪਣੀ ਮਿੱਟੀ, ਆਪਣੇ ਪਾਣੀਆਂ ਅਤੇ ਪੰਜਾਬੀਅਤ ਪ੍ਰਤੀ ਗੁੱਝੀ ਨਫ਼ਰਤ ਤੇ ਪੱਖਪਾਤੀ ਰਵੱਈਏ ਦਾ ਪ੍ਰਗਟਾਵਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :