Punjab News: ਪੰਜਾਬ ਵਿੱਚ ਇਸ ਵੇਲੇ ਝੋਨੇ ਦੀ ਵਾਢੀ ਜ਼ੋਰਾਂ ਉੱਤੇ ਹੈ ਤੇ ਕਈ ਥਾਵਾਂ ਉੱਤੇ ਪਰਾਲੀ ਨੂੰ ਅੱਗ ਵੀ ਲਾਈ ਜਾ ਰਹੀ ਹੈ। ਹਾਲਾਂਕਿ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾਵੇ। ਇਸ ਦੌਰਾਨ ਬਠਿੰਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿਸਾਨਾਂ ਨੇ ਪਰਾਲੀ ਸਾੜਨ ਤੋਂ ਰੋਕਣ ਆਏ ਅਫਸਰ ਤੋਂ ਹੀ ਜ਼ਬਰਨ ਪਰਾਲੀ ਨੂੰ ਅੱਗ ਲਵਾਈ ਹੈ।






ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ਪਿਆਰੇ ਪੰਜਾਬੀਓ ਆਹ ਕਿਹੜੇ ਰਾਹਾਂ 'ਤੇ ਤੁਰ ਪਏ ?? .. ਸਰਕਾਰੀ ਕਰਮਚਾਰੀ ਪਰਾਲ਼ੀ ਨਾ ਜਲਾਉਣ ਦਾ ਸੰਦੇਸ਼ ਲੈ ਕੇ ਗਿਆ ਪਰ ਓਸੇ ਤੋਂ ਅੱਗ ਲਗਵਾਈ..ਹਵਾ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਦਾ ਦਰਜਾ ਦਿੱਤਾ .. ਅਸੀਂ ਇਸ ਦਰਜੇ ਨੂੰ ਬਰਬਾਦ ਕਰਨ ਲਈ ਆਪਣੇ ਹੱਥਾਂ 'ਚ ਤੀਲੀਆਂ ਲੈ ਕੇ ਅਪਣੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਨੂੰ ਖਤਮ ਕਰਨ ਲੱਗੇ ਹਾਂ...ਪਰਚਾ ਦਰਜ ਹੋਣ ਲੱਗਾ ਹੈ...


ਜ਼ਿਕਰ ਕਰ ਦਈਏ ਕਿ ਇਹ ਮਾਮਲਾ ਬਠਿੰਡਾ ਦਾ ਹੈ ਜਿੱਥੋਂ ਦੇ ਪਿੰਡ ਬੁਰਜ ਮਹਿਮਾ 'ਚ ਪ੍ਰਸ਼ਾਸਨ ਦੀ ਟੀਮ ਖੇਤਾਂ 'ਚ ਪਈ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਆਈ ਸੀ। ਇਸ ਦਾ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਦੀ ਟੀਮ ਦਾ ਘਿਰਾਓ ਕੀਤਾ ਵੀ। ਅਧਿਕਾਰੀ ਨੂੰ ਬੰਧਕ ਬਣਾ ਕੇ ਪ੍ਰੇਸ਼ਾਨ ਕੀਤਾ ਗਿਆ। ਲੰਬੀ ਬਹਿਸ ਤੋਂ ਬਾਅਦ ਕਿਸਾਨਾਂ ਨੇ ਪ੍ਰਸ਼ਾਸਨਿਕ ਟੀਮ ਦੇ ਅਧਿਕਾਰੀ ਤੋਂ ਹੀ ਪਰਾਲੀ ਨੂੰ ਅੱਗ ਲਗਵਾ ਦਿੱਤੀ।


ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਨੇ ਕਿਹਾ ਕਿ ਕਿਸਾਨਾਂ ਨੇ ਪਰਾਲੀ ਸਾੜਨ ਤੋਂ ਰੋਕਣ ਆਏ ਅਧਿਕਾਰੀ ਨੂੰ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਕਰ ਦਿੱਤਾ ਹੈ। ਇਹ ਕਿਸਾਨਾਂ ਦੀ ਸ਼ਰੇਆਮ ਗੁੰਡਾਗਰਦੀ ਹੈ।