ਖੰਨਾ: ਤਿੰਨ ਤਲਾਕ ਮਾਮਲੇ 'ਚ ਪੰਜਾਬ ਵਿੱਚ ਮੁਸਲਿਮ ਵੋਮੈਨ ਪ੍ਰੋਟੈਕਸ਼ਨ ਆਫ ਰਾਇਟਸ ਓਨ ਮੈਰਿਜ ਐਕਟ 2019 ਅਧੀਨ ਪਹਿਲਾ ਕੇਸ ਦਰਜ ਕੀਤਾ ਗਿਆ। ਇਹ ਕੇਸ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੁੱਬੇ ਵਿੱਚ ਰਹਿੰਦੇ ਇੱਕ ਮੁਸਲਿਮ ਪਰਿਵਾਰ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਮੁਸਲਿਮ ਪਰਿਵਾਰ ਨਾਲ ਸਬੰਧਤ ਯੂਸਫ਼ ਦੇ ਤਿੰਨ ਬੇਟੇ ਤੇ ਤਿੰਨ ਬੇਟੀਆਂ ਹਨ। ਉਸ ਦੇ ਦੋ ਪੁੱਤਰ ਵਿਆਹੇ ਹੋਏ ਹਨ ਜਦੋਂਕਿ ਇਹ ਲੜਕੀ ਵੱਡੀ ਹੈ। ਇਸ ਤੋਂ ਛੋਟੀਆਂ ਦੋ ਲੜਕੀਆਂ ਹੋਰ ਹਨ।
ਪਿੰਡ ਕੁੱਬੇ ਦੇ ਖੇਤਾਂ ਵਿੱਚ ਰਹਿਣ ਵਾਲਾ ਯੂਸਫ਼ ਅਪਣੇ ਪਰਿਵਾਰ ਸਮੇਤ ਬੱਕਰੀਆ ਤੇ ਮੱਝਾਂ ਪਾਲ ਕੇ ਅਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਕੁਝ ਸਮੇਂ ਉਸ ਦੇ ਦੋ ਪੁੱਤਰ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹਨ। ਤਲਾਕ ਤਲਾਕ ਤਲਾਕ ਕਹਿ ਕੇ ਛੱਡਣ ਵਾਲੀ ਉਸ ਦੀ ਲੜਕੀ ਦੀ ਉਮਰ 21 ਸਾਲ ਹੈ। ਯੂਸਫ ਮੁਤਾਬਕ ਉਸ ਦੇ ਰਿਸ਼ਤੇਦਾਰ ਨੇ ਉਸ ਦੀ ਲੜਕੀ ਸ਼ਰੀਫਾ ਦਾ ਤਿੰਨ ਸਾਲ ਪਹਿਲਾਂ ਰਿਸ਼ਤਾ ਕਰਵਾਇਆ ਸੀ। ਲਾਲਚਵੱਸ ਦਾਜ ਮੰਗ ਕੇ ਉਸ ਦੀ ਲੜਕੀ ਨੂੰ ਲੈ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਉਰਦੂ ਵਿੱਚ ਤਲਾਕ ਤਲਾਕ ਤਲਾਕ ਲਿਖ ਕੇ ਭੇਜ ਦਿੱਤਾ ਅਤੇ ਰਿਸ਼ਤਾ ਕਿਤੇ ਹੋਰ ਕਰ ਦਿੱਤਾ।
ਯੂਸਫ ਮੁਤਾਬਿਕ ਤਿੰਨ ਤਲਾਕ ਅਧੀਨ ਹੋਣ ਵਾਲਾ ਤਲਾਕ ਕਨੂੰਨੀ ਅਪਰਾਧ ਹੈ ਜਿਸ ਦੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਕਰੀਬ 9 ਮਹੀਨੇ ਬਾਅਦ ਪੁਲਿਸ ਨੇ ਕੇਸ ਸਮਰਾਲਾ ਥਾਣੇ ਦਰਜ ਕੀਤਾ ਹੈ। SHO ਸਮਰਾਲਾ ਸੁਰਜੀਤ ਸਿੰਘ ਨੇ ਇਸ ਕੇਸ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਇਸ ਬਾਰੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਸਐ ਪੀ ਖੰਨਾ ਰਵੀ ਕੁਮਾਰ ਨੇ ਸੰਪਰਕ ਕਰਨ ਤੇ ਦੱਸਿਆ ਕਿ ਮੁਸਲਿਮ ਵੋਮੈਨ ਪ੍ਰੋਟੈਕਸ਼ਨ ਐਕਟ ਅਧੀਨ ਪੰਜਾਬ ਵਿੱਚ ਦਰਜ਼ ਕੀਤਾ ਗਿਆ ਇਹ ਪਹਿਲਾ ਕੇਸ ਹੈ। ਐਸਐਸਪੀ ਮੁਤਾਬਿਕ CCTNS ਪ੍ਰੋਜੈਕਟ ਵਿੱਚ ਇਹ ਐਕਟ ਦਰਜ਼ ਨਹੀਂ ਹੈ ਤੇ ਉਨ੍ਹਾਂ ਸਬੰਧਤ ਅਫ਼ਸਰਾਂ ਨੂੰ ਇਸ ਐਕਟ ਨੂੰ CCTNS ਪ੍ਰੋਜੈਕਟ ਦਰਜ਼ ਕਰਨ ਲਈ ਪੱਤਰ ਲਿਖਿਆ ਹੈ।