ਅਨਿਲ ਜੈਨ ਦੀ ਰਿਪੋਰਟ



Sangrur News: ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ 'ਚ ਕਿਸਾਨ ਤਿੰਨ ਰੋਜ਼ਾ ਧਰਨੇ ਤਹਿਤ ਅੱਜ ਤੀਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਸਥਿਤ ਘਰ ਦੇ ਬਾਹਰ ਡਟੇ ਹੋਏ ਹਨ। ਅੱਜ ਤੀਜੇ ਦਿਨ ਧਰਨਾ ਖਤਮ ਹੋ ਜਾਵੇਗਾ ਪਰ ਕਿਸਾਨਾਂ ਦੀ ਕਿਸੇ ਨੇ ਸਾਰ ਨਹੀਂ ਲਈ। ਇਸ ਲਈ ਕਿਸਾਨਾਂ ਨੇ ਕਿਹਾ ਕਿ ਹੈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 'ਚ ਅੱਗੇ ਦੇ ਸੰਘਰਸ਼ ਬਾਰੇ ਫੈਸਲਾ ਲਿਆ ਜਾਵੇਗਾ। ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਹਾਲੇ ਤੱਕ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਹੱਲ ਨਹੀਂ ਸੁਣੀ। 


ਦੱਸ ਦਈਏ ਕਿ ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਕਿਸਾਨ ਮੁਆਵਜ਼ੇ ਦੀ ਮੰਗ ਨੂੰ ਲੈ ਕੇ 11 ਤੋਂ 13 ਸਤੰਬਰ ਤੱਕ ਤਿੰਨ ਰੋਜ਼ਾ ਧਰਨਾ ਦੇ ਰਹੇ ਹਨ। ਇਹ ਧਰਨਾ ਅੱਜ ਸਮਾਪਤ ਹੋ ਗਿਆ ਹੈ। ਕਿਸਾਨ ਅਜੇ ਵੀ ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਖਫਾ ਹਨ। ਕਿਸਾਨ 10,000 ਰੁਪਏ ਕਰੋੜ ਦੇ ਵੱਡੇ ਪੈਕੇਜ ਦੀ ਮੰਗ ਕਰ ਰਹੇ ਹਨ। 


ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਮੁਆਵਜ਼ੇ ਲਈ ਕੇਂਦਰ ਸਰਕਾਰ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਹੈ ਪਰ ਤਿੰਨ ਰੋਜ਼ਾ ਹੜਤਾਲ ਦੌਰਾਨ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਗਈ। ਕਿਸਾਨਾਂ ਨੇ ਕਿਹਾ ਕਿ ਯੂਨਾਈਟਿਡ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਫੈਸਲਾ ਲਿਆ ਜਾਵੇਗਾ ਕਿ ਅੱਗੇ ਕੀ ਕਰਨਾ ਹੈ। 


ਇਸ ਮੀਟਿੰਗ ਵਿੱਚ ਸਰਕਾਰ ਖਿਲਾਫ ਅਗਲਾ ਐਕਸ਼ਨ ਪਲਾਨ ਬਣਾਇਆ ਜਾਏਗਾ। ਇਸ ਲਈ ਪੱਕਾ ਮੋਰਚਾ ਵੀ ਲਾਇਆ ਜਾ ਸਕਦਾ ਹੈ। ਚੰਡੀਗੜ੍ਹ 'ਚ ਵੀ ਧਰਨਾ ਦਿੱਤਾ ਜਾ ਸਕਦਾ ਤੇ ਰੇਲਵੇ ਟਰੈਕ ਵੀ ਜਾਮ ਕੀਤੇ ਜਾ ਸਕਦੇ ਹਨ। ਇਸ ਬਾਰੇ ਅੰਤਿਮ ਫੈਸਲਾ ਮੀਟਿੰਗ ਵਿੱਚ ਲਿਆ ਜਾਏਗਾ। 


ਕਿਸਾਨਾਂ ਨੇ ਐਲਾਨ ਕੀਤਾ ਕਿ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਉਹ ਹਰ ਲੜਾਈ ਲੜਨਗੇ ਕਿਉਂਕਿ ਹੜ੍ਹਾਂ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਕਈਆਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਹਨ। ਕਈਆਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ। ਕਈਆਂ ਦੇ ਟਿਊਬਲ ਖਰਾਬ ਹੋਏ ਹਨ ਤੇ ਕਈ ਲੋਕਾਂ ਦੇ ਹੜ੍ਹਾਂ ਕਾਰਨ ਘਰ ਢਹਿ ਗਏ ਹਨ ਤੇ ਪਸ਼ੂ ਮਰ ਗਏ ਹਨ।


ਕਿਸਾਨਾਂ ਨੇ ਕਿਹਾ ਕਿ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਤਿੰਨ ਦਿਨ ਬੜੀ ਸ਼ਾਂਤੀ ਨਾਲ ਧਰਨੇ ਦਿੱਤੇ ਪਰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਮੁਆਵਜ਼ਾ ਐਲਾਨਿਆ ਗਿਆ ਹੈ, ਉਹ ਬਹੁਤ ਘੱਟ ਹੈ।