Corona in Punjab: ਪੰਜਾਬ ਵਿੱਚ ਕੋਰੋਨਾਵਾਇਰਸ ਮੁੜ ਕਹਿਰ ਮਚਾਉਣ ਲੱਗਾ ਹੈ। ਸੂਬੇ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 2 ਹਜ਼ਾਰ ਦੇ ਅੰਕੜੇ ਨੂੰ ਪਾਰ ਕਰਕੇ 2101 ਤੱਕ ਪਹੁੰਚ ਗਈ ਹੈ। ਸਿਹਤ ਮਾਹਿਰਾਂ ਮੁਤਾਬਕ ਪੰਜਾਬ ਵਿੱਚ ਅਣਗਹਿਲੀ ਤੇ ਕਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਕਾਰਨ ਹਰ ਰੋਜ਼ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਸਿਹਤ ਵਿਭਾਗ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 3197 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 207 ਦੇ ਨਤੀਜੇ ਪੌਜ਼ੇਟਿਵ ਆਏ ਹਨ।
ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 11 ਲੈਵਲ-2 ਕੋਰੋਨਾ ਪੀੜਤਾਂ ਨੂੰ ਆਕਸੀਜਨ 'ਤੇ ਰੱਖਿਆ ਗਿਆ ਹੈ। ਜਦੋਂਕਿ ਇੱਕ ਮਰੀਜ਼ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਆਈਸੀਯੂ ਵਿੱਚ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਕਾਰਨ ਕਿਸੇ ਦੀ ਮੌਤ ਹੋਣ ਦੀ ਕੋਈ ਸੂਚਨਾ ਨਹੀਂ।
ਪੰਜਾਬ 'ਚ ਰਾਹਤ ਦੀ ਖਬਰ ਇਹ ਵੀ ਹੈ ਕਿ ਕੋਰੋਨਾ ਤੋਂ ਪੀੜਤ ਲੋਕ ਤੇਜ਼ੀ ਨਾਲ ਠੀਕ ਹੋ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ 274 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤ ਵਿਭਾਗ ਨੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਹੈ।
ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਲਗਾਤਾਰ ਸਿਖਰ 'ਤੇ ਸੀ ਪਰ ਹੁਣ ਉਥੇ ਪ੍ਰਕੋਪ ਘੱਟ ਹੋ ਕੇ ਲੁਧਿਆਣਾ 'ਚ ਵੱਧ ਗਿਆ ਹੈ। ਲੁਧਿਆਣਾ ਵਿੱਚ 1327 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ ਵਿੱਚੋਂ 51 ਦਾ ਨਤੀਜਾ ਪੌਜ਼ੀਟਿਵ ਆਇਆ ਹੈ। ਜਦਕਿ ਮੁਹਾਲੀ ਵਿੱਚ 176 ਵਿੱਚੋਂ 34 ਸੈਂਪਲ ਪੌਜ਼ੇਟਿਵ ਆਏ ਹਨ।