NEET Exam: ਆਮ ਆਦਮੀ ਪਾਰਟੀ (AAP) ਪੰਜਾਬ ਨੇ ਇਸ ਸਾਲ 5 ਮਈ ਨੂੰ ਐਨਟੀਏ ਨੀਟ ਪ੍ਰੀਖਿਆ ਦੇਣ ਵਾਲੇ 24 ਲੱਖ ਵਿਦਿਆਰਥੀਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਣ ਲਈ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਹੈ। ਪਾਰਟੀ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਉਣ ਦੀ ਅਪੀਲ ਕੀਤੀ ਅਤੇ ਇਸ ਵਿੱਚ ਸ਼ਾਮਲ ਹਰ ਵਿਅਕਤੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਆਪ ਦੇ ਬੁਲਾਰੇ ਬਿਕਰਮ ਜੀਤ ਪਾਸੀ ਨੇ ਪੇਪਰ ਲੀਕ, ਨਤੀਜੇ ਦੀ ਮਿਤੀ, ਗ੍ਰੇਸ ਅੰਕਾਂ ਅਤੇ ਇਸ ਮਾਮਲੇ 'ਤੇ ਐਨਟੀਏ (ਨੈਸ਼ਨਲ ਟੈਸਟਿੰਗ ਏਜੰਸੀ) ਦੀ ਚੁੱਪ 'ਤੇ ਸਵਾਲ ਉਠਾਏ। ਆਪ ਆਗੂ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਤੇ ਕਿਸੇ ਦੀ ਚੁੱਪ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਇਹ 24 ਲੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜਿਆ ਮਾਮਲਾ ਹੈ, ਇਸ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ।
ਬਿਕਰਮ ਜੀਤ ਪਾਸੀ ਨੇ ਕਿਹਾ ਕਿ ਨੀਟ ਪ੍ਰੀਖਿਆ 5 ਮਈ ਨੂੰ ਆਯੋਜਿਤ ਕੀਤੀ ਗਈ ਸੀ ਅਤੇ ਇਸ ਦਾ ਨਤੀਜਾ 14 ਜੂਨ ਨੂੰ ਆਉਣਾ ਸੀ, ਪਰ ਐਨਟੀਏ ਨੇ ਉਸੇ ਦਿਨ ਆਮ ਚੋਣਾਂ ਦੇ ਨਤੀਜਿਆਂ ਦੀ ਹਫੜਾ-ਦਫੜੀ ਦੇ ਵਿਚਕਾਰ 4 ਜੂਨ ਨੂੰ ਇਸ ਦਾ ਨਤੀਜਾ ਘੋਸ਼ਿਤ ਕਰ ਦਿੱਤਾ। ਜਿਸ ਵਿੱਚ 720/720 ਅੰਕਾਂ ਨਾਲ 67 ਵਿਦਿਆਰਥੀਆਂ ਨੂੰ ਟਾਪਰ ਵਜੋਂ ਐਲਾਨਿਆ ਗਿਆ। ਇਸ 'ਚ ਅਜਿਹੇ ਵਿਦਿਆਰਥੀ ਵੀ ਸਨ ਜਿਨ੍ਹਾਂ ਨੇ 719, 718, 717 ਆਦਿ ਅੰਕ ਪ੍ਰਾਪਤ ਕੀਤੇ, ਜੋ ਕਿ ਅਸੰਭਵ ਹੈ। ਇਸ ਇਮਤਿਹਾਨ ਵਿੱਚ ਇੱਕ ਉਮੀਦਵਾਰ ਨੂੰ ਸਹੀ ਉੱਤਰ ਲਈ 4 ਅੰਕ ਦਿੱਤੇ ਜਾਂਦੇ ਹਨ, ਨੈਗੇਟਿਵ ਮਾਰਕਿੰਗ ਵੀ ਹੁੰਦੀ ਹੈ, ਗਲਤ ਉੱਤਰ ਲਈ 1 ਅੰਕ ਕੱਟਿਆ ਜਾਂਦਾ ਹੈ। ਇਸ ਲਈ 715, 710, 705 ਅਤੇ ਇਸ ਤਰ੍ਹਾਂ ਦੇ ਅੰਕ ਹੋ ਸਕਦੇ ਹਨ ਪਰ 719, 718, 717 ਨਹੀਂ। ਐਨਟੀਏ ਨੇ ਗਲਤ ਮਾਰਕਿੰਗ ਨੂੰ ਗ੍ਰੇਸ ਮਾਰਕ ਕਹਿ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕਦੇ ਵੀ ਗ੍ਰੇਸ ਮਾਰਕ ਦੇ ਆਧਾਰ ਅਤੇ ਨਿਯਮਾਂ ਦੀ ਜਨਤਕ ਤੌਰ 'ਤੇ ਵਿਆਖਿਆ ਨਹੀਂ ਕੀਤੀ। ਇਸ ਪ੍ਰੀਖਿਆ ਲਈ ਵਿਦਿਆਰਥੀ ਸਖ਼ਤ ਮਿਹਨਤ ਕਰਦੇ ਹਨ ਅਤੇ ਪਾਸ ਕਰਨ ਲਈ ਦਿਨ ਵਿੱਚ 16-18 ਘੰਟੇ ਪੜ੍ਹਦੇ ਹਨ। ਇਸ ਲਈ ਐਨਟੀਏ ਪਾਰਦਰਸ਼ੀ ਅਤੇ ਪਹਿਲਾਂ ਦੱਸੀ ਪ੍ਰਕਿਰਿਆ ਤੋਂ ਬਿਨਾਂ ਆਪਣੀ ਪਸੰਦ ਦੇ ਕੁਝ ਚੁਣੇ ਹੋਏ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਨਹੀਂ ਦੇ ਸਕਦਾ।
ਪਾਸੀ ਨੇ ਦੱਸਿਆ ਕਿ ਕੁਝ ਵਿਦਿਆਰਥੀਆਂ ਨੇ ਪ੍ਰਸ਼ਨ ਪੱਤਰ ਲੀਕ ਕੀਤੇ ਸਨ। ਵਿਦਿਆਰਥੀਆਂ ਨੇ ਮੰਨਿਆ ਹੈ ਕਿ ਪ੍ਰੀਖਿਆ ਤੋਂ ਪਹਿਲਾਂ ਉਨ੍ਹਾਂ ਕੋਲ ਇਹੀ ਪ੍ਰਸ਼ਨਾਵਲੀ ਸੀ, ਪਰ ਐਨਟੀਏ ਨੇ ਇਸ ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਬਜਾਏ ਸਿਰਫ਼ ਇੱਕ ਪ੍ਰੈਸ ਬਿਆਨ ਜਾਰੀ ਕਰ ਦਿੱਤਾ ਅਤੇ ਕਿਹਾ ਕਿ ਕੋਈ ਪੇਪਰ ਲੀਕ ਨਹੀਂ ਹੋਇਆ। ਜੇਕਰ ਇਹ ਸੱਚ ਸੀ ਤਾਂ ਇਸ ਮਾਮਲੇ ਵਿੱਚ ਬਿਹਾਰ ਅਤੇ ਗੁਜਰਾਤ ਵਿੱਚ ਗ੍ਰਿਫ਼ਤਾਰੀਆਂ ਕਿਉਂ ਕੀਤੀਆਂ ਗਈਆਂ। ਪਾਸੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਐਨਟੀਏ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ, ਉਹ ਭਾਜਪਾ ਸਰਕਾਰ ਦੇ ਦਬਾਅ ਹੇਠ ਹੈ।
ਪਾਸੀ ਨੇ ਕਿਹਾ ਕਿ ਭਾਜਪਾ ਗੁਜਰਾਤ ਮਾਡਲ ਨੂੰ ਭਾਰਤ ਵਿੱਚ ਲਾਗੂ ਕਰਨ ਦੀ ਗੱਲ ਕਰਦੀ ਹੈ, ਪਰ ਗੁਜਰਾਤ ਵਿੱਚ ਪਿਛਲੇ 11 ਸਾਲਾਂ ਵਿੱਚ ਅਜਿਹੇ 11 ਪੇਪਰ ਲੀਕ ਹੋਏ ਹਨ। ਇਸੇ ਤਰ੍ਹਾਂ ਯੂਪੀ ਵਿੱਚ ਪੇਪਰ ਲੀਕ ਹੋਣਾ ਆਮ ਗੱਲ ਹੈ। ਵਿਆਪਮ ਘੁਟਾਲੇ ਤੋਂ ਵੀ ਹਰ ਕੋਈ ਜਾਣੂ ਹੈ। ਭਾਜਪਾ ਸਰਕਾਰ ਹੁਣ ਪੇਪਰ ਲੀਕ ਵਾਲੀ ਸਰਕਾਰ ਬਣ ਗਈ ਹੈ। ਉਹ ਸਾਡੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵਰਤਮਾਨ ਅਤੇ ਭਵਿੱਖ ਨੂੰ ਲਗਾਤਾਰ ਖ਼ਤਰੇ ਵਿੱਚ ਪਾ ਰਹੀ ਹੈ। ਭਾਜਪਾ ਵਿਸ਼ਵ ਗੁਰੂ ਹੋਣ ਦੀ ਗੱਲ ਕਰਦੀ ਹੈ, ਪਰ ਉਹ ਪੇਪਰ ਲੀਕ ਜਾਂ ਧਾਂਦਲੀ ਕੀਤੇ ਬਿਨਾਂ ਕੋਈ ਪ੍ਰੀਖਿਆ ਵੀ ਨਹੀਂ ਕਰਵਾ ਸਕਦੀ।
ਆਮ ਆਦਮੀ ਪਾਰਟੀ (ਆਪ) ਨੇ ਸੁਪਰੀਮ ਕੋਰਟ ਨੂੰ ਇਸ ਘੁਟਾਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਐਸਆਈਟੀ ਬਣਾਉਣ ਦੀ ਅਪੀਲ ਕੀਤੀ ਅਤੇ 24 ਲੱਖ ਵਿਦਿਆਰਥੀਆਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਪਾਰਟੀ ਨੇ ਕਿਹਾ ਕਿ ਇਹ ਪ੍ਰਤੀਯੋਗੀ ਪ੍ਰੀਖਿਆਵਾਂ ਮਹੱਤਵਪੂਰਨ ਹਨ ਅਤੇ ਜੇਕਰ ਇਨ੍ਹਾਂ ਪ੍ਰੀਖਿਆਵਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ ਤਾਂ ਸਾਡੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਪੈ ਜਾਵੇਗਾ। ਪਾਸੀ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਯੋਗਦਾਨ ਪਾਉਣ ਅਤੇ ਮੋਦੀ ਸਰਕਾਰ ਦੀਆਂ ਅਜਿਹੀਆਂ ਨਾਕਾਮੀਆਂ ਵਿਰੁੱਧ ਬੋਲਣ ਅਤੇ ਐਨਟੀਏ ਤੋਂ ਜਵਾਬ ਮੰਗਣ ਤਾਂ ਜੋ ਸਾਡੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵਾਰ-ਵਾਰ ਅਜਿਹੇ ਸੰਕਟਾਂ ਦਾ ਸਾਹਮਣਾ ਨਾ ਕਰਨਾ ਪਵੇ।