ਰਜਨੀਸ਼ ਕੌਰ ਦੀ ਰਿਪੋਰਟ 


TarnTaran RPG Attack: ਤਰਨਤਾਰਨ ਵਿਚ ਪੰਜਾਬ ਪੁਲਿਸ ਦੇ ਸਾਂਝ ਕੇਂਦਰ 'ਤੇ ਰਾਕੇਟ ਲਾਂਚਰ ਹਮਲੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਅਨੁਸਾਰ ਤਰਨਤਾਰਨ ਆਰਪੀਜੀ ਹਮਲਾ ਇੱਕ ਅੱਤਵਾਦੀ ਹਮਲਾ ਹੈ ਤੇ ਇਸ ਦੇ ਪਿੱਛੇ ਖਾਲਿਸਤਾਨ ਪੱਖੀ ਅੱਤਵਾਦੀਆਂ ਦਾ ਹੱਥ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਤਰਨਤਾਰਨ 'ਚ ਹਮਲੇ ਨੂੰ ਆਈਐੱਸਆਈ ਨੇ ਕਰਵਾਇਆ ਹੈ ਅਤੇ ਇਸ ਹਮਲੇ 'ਚ ਖਾਲਿਸਤਾਨੀ ਅੱਤਵਾਦੀ ਵੀ ਸ਼ਾਮਲ ਹਨ। ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਜੱਦੀ ਪਿੰਡ 'ਚ ਆਰਪੀਜੀ 'ਤੇ ਗੋਲੀਬਾਰੀ ਕੀਤੀ ਗਈ ਹੈ ਅਤੇ ਇਸ ਦੇ ਪਿੱਛੇ ਮਕਸਦ ਇਹ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਅੱਤਵਾਦੀ ਰਿੰਦਾ ਦੇ ਆਤੰਕ ਨੂੰ ਜ਼ਿੰਦਾ ਰੱਖਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਸਰਹੱਦੀ ਜ਼ਿਲ੍ਹੇ ਦੇ ਅੰਮ੍ਰਿਤਸਰ-ਬਠਿੰਡਾ ਹਾਈਵੇਅ 'ਤੇ ਸਥਿਤ ਸਰਹਾਲੀ ਥਾਣੇ 'ਤੇ ਸ਼ੁੱਕਰਵਾਰ ਤੜਕੇ ਕਰੀਬ 1 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਰਾਕੇਟ ਲਾਂਚਰ ਨਾਲ ਹਮਲਾ ਕਰ ਦਿੱਤਾ।


ਸਲੀਪਰ ਸੈੱਲਾਂ ਰਾਹੀਂ ਘਟਨਾ ਨੂੰ ਦਿੱਤਾ ਅੰਜ਼ਾਮ 


ਪੁਲਿਸ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਖਾਲਿਸਤਾਨ ਪੱਖੀ ਅੱਤਵਾਦੀਆਂ ਨੇ ਪੰਜਾਬ 'ਚ ਸਰਗਰਮ ਆਪਣੇ ਸਲੀਪਰ ਸੈੱਲਾਂ ਰਾਹੀਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਹ ਹਮਲਾ ਰਿੰਦਾ ਦੀ ਮੌਤ ਦੀ ਖ਼ਬਰ ਦਾ ਜਵਾਬ ਮੰਨਿਆ ਜਾ ਰਿਹਾ ਹੈ। ਅੱਤਵਾਦੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅੱਤਵਾਦੀ ਰਿੰਦਾ ਅਜੇ ਮਰਿਆ ਨਹੀਂ, ਸਗੋਂ ਜ਼ਿੰਦਾ ਹੈ।


ਬੀਤੇ ਕੁੱਝ ਦਿਨ ਪਹਿਲਾਂ ਆਈ ਸੀ ਰਿੰਦਾ ਦੀ ਮੌਤ ਦੀ ਖਬਰ 


ਇਸ ਤੋਂ ਪਹਿਲਾਂ ਖੁਫੀਆ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਸੀ ਕਿ ਖਾਲਿਸਤਾਨੀ ਸਮਰਥਕ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਜੇ ਮਰਿਆ ਨਹੀਂ ਹੈ ਅਤੇ ਪਾਕਿਸਤਾਨ ਵਿਚ ਅਜੇ ਵੀ ਜ਼ਿੰਦਾ ਹੈ। ਉਸ ਨੇ ਜਾਣਬੁੱਝ ਕੇ ਆਪਣੀ ਮੌਤ ਦੀ ਅਫਵਾਹ ਫੈਲਾਈ, ਤਾਂ ਜੋ ਭਾਰਤੀ ਜਾਂਚ ਏਜੰਸੀਆਂ ਦਾ ਧਿਆਨ ਉਸ ਤੋਂ ਹਟ ਜਾਵੇ। ਬੀਤੇ ਦਿਨੀਂ ਖਬਰ ਆਈ ਸੀ ਕਿ ਨਸ਼ੇ ਦੀ ਓਵਰਡੋਜ਼ ਕਾਰਨ ਅੱਤਵਾਦੀ ਰਿੰਦਾ ਦੀ ਪਾਕਿਸਤਾਨ 'ਚ ਹੀ ਮੌਤ ਹੋ ਗਈ ਸੀ। ਖੁਫੀਆ ਦਸਤਾਵੇਜ਼ਾਂ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਅੱਤਵਾਦੀ ਰਿੰਦਾ ਅਜੇ ਵੀ ਜ਼ਿੰਦਾ ਹੈ। ਨਵੰਬਰ ਦੇ ਆਖਰੀ ਹਫਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਅੱਤਵਾਦੀ ਰਿੰਦਾ ਦਾ ਮੁੱਦਾ ਉਠਾਇਆ ਗਿਆ ਸੀ।


ਖਾਲਿਸਤਾਨੀ ਜਥੇਬੰਦੀ SFJ ਨੇ ਵੀ ਲਈ ਜ਼ਿੰਮੇਵਾਰੀ


ਉਧਰ, ਸਿੱਖਸ ਫਾਰ ਜਸਟਿਸ (ਐਸਐਫਜੇ) ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਆਡੀਓ ਜਾਰੀ ਕਰਕੇ ਹਮਲੇ ਦੀ ਜਿ਼ੰਮੇਵਾਰ ਲਈ ਹੈ। ਪਨੂੰ ਨੇ ਵੀਡੀਓ ਵਿੱਚ ਕਿਹਾ ਹੈ ਕਿ ਇਹ ਹਮਲਾ ਉਸ ਵੱਲੋਂ ਕਰਵਾਇਆ ਗਿਆ ਹੈ। ਆਡੀਓ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਨੇਹਾ ਦਿੰਦਿਆਂ ਕਿਹਾ ਗਿਆ ਹੈ ਕਿ ਜਲੰਧਰ ਵਿੱਚ ਸਿੱਖਾਂ ਨੂੰ ਬੇਘਰ ਕੀਤਾ ਗਿਆ ਹੈ, ਜਿਸ ਦੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ।


NIA ਵੀ ਸ਼ੁਰੂ ਕਰ ਸਕਦੀ ਹੈ ਆਰਪੀਜੀ ਹਮਲੇ ਦੀ ਜਾਂਚ


ਤਰਨਤਾਰਨ ਦੇ ਸਰਹਾਲੀ ਥਾਣੇ 'ਚ ਹੋਏ ਆਰਪੀਜੀ ਅਟੈਕ ਮਾਮਲੇ ਦੀ ਜਾਂਚ ਐਨਆਈਏ ਵੱਲੋਂ ਵੀ ਕੀਤੀ ਜਾ ਸਕਦੀ ਹੈ। ਐਨਆਈਏ ਦੇ ਆਈਜੀ ਪੱਧਰ ਦੇ ਅਧਿਕਾਰੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਹਾਲੇ ਪੰਜਾਬ ਪੁਲਿਸ ਤੇ ਸਬੰਧਿਤ ਏਜੰਸੀਆਂ ਕੋਲੋਂ ਇਕੱਠੀ ਕੀਤੀ ਜਾ ਰਹੀ ਹੈ ਤੇ ਇਸ ਉਪਰੰਤ ਜਾਂਚ ਬਾਬਤ ਫੈਸਲਾ ਲਿਆ ਜਾਵੇਗਾ।