Punjab Police In Delhi: ਦਿੱਲੀ ਚੋਣਾਂ ਵਿੱਚ ਹੋ ਰਹੇ ਪ੍ਰਚਾਰ ਦੌਰਾਨ ਪੰਜਾਬ ਦੀਆਂ ਗੱਡੀਆਂ ਖ਼ਾਸ ਕਰਕੇ ਪੰਜਾਬ ਪੁਲਿਸ ਦੀ ਨਫਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਕੀਤੀ ਹੈ ਪਰ ਆਮ ਆਦਮੀ ਪਾਰਟੀ ਨੇ ਵੀ ਇਸ ਨੂੰ ਲੈ ਕੇ ਹਮਲਾਵਰ ਰੁਖ਼ ਅਪਣਾਇਆ ਹੈ। ਇਸ ਦੌਰਾਨ ਹੁਣ ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਚਿੱਠੀ ਲਿਖੀ ਹੈ।
ਦਰਅਸਲ, ਕਾਂਗਰਸ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਲੋਕ ਪ੍ਰਚਾਰ ਲਈ ਆ ਸਕਦੇ ਹਨ ਪਰ ਆਮ ਆਦਮੀ ਪਾਰਟੀ ਪ੍ਰਚਾਰ ਲਈ ਸਿਰਫ਼ ਬਾਹਰੀ ਲੋਕਾਂ ਦੀ ਵਰਤੋਂ ਕਰ ਰਹੀ ਹੈ। ਆਪ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ। ਪੰਜਾਬ ਪੁਲਿਸ ਦੀਆਂ ਗੱਡੀਆਂ ਐਸਕਾਰਟ ਕਰ ਰਹੀਆਂ ਹਨ, ਆਮ ਆਦਮੀ ਪਾਰਟੀ ਵੱਲੋਂ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ? ਇਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਲੋਕ ਅਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਦਿੱਲੀ ਵਿੱਚ ਕੀ ਕਰ ਰਹੀਆਂ ਹਨ, ਉਹ ਇੱਥੇ ਪ੍ਰਚਾਰ ਕਿਵੇਂ ਕਰ ਸਕਦੇ ਹਨ। ਚੋਣਾਂ ਦੌਰਾਨ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਦਿੱਲੀ ਨਹੀਂ ਆਉਣੀਆਂ ਚਾਹੀਦੀਆਂ। ਸਾਰੇ ਰਾਜਾਂ ਤੋਂ ਗੱਡੀਆਂ ਦਿੱਲੀ ਆਉਂਦੀਆਂ ਹਨ, ਪਰ ਸਾਨੂੰ ਹਰਿਆਣਾ, ਯੂਪੀ ਜਾਂ ਰਾਜਸਥਾਨ ਤੋਂ ਪੁਲਿਸ ਗੱਡੀਆਂ ਨਹੀਂ ਦਿਖਾਈ ਦਿੰਦੀਆਂ। ਅਸੀਂ ਪੰਜਾਬ ਪੁਲਿਸ ਨੂੰ ਕਿਉਂ ਦੇਖ ਰਹੇ ਹਾਂ?
ਆਮ ਤੌਰ 'ਤੇ ਕਿਸੇ ਦੀ ਵੀ ਗੱਡੀ ਆ ਸਕਦੀ ਹੈ ਤੇ ਦੂਜੇ ਰਾਜਾਂ ਤੋਂ ਵੀ ਗੱਡੀਆਂ ਇੱਥੇ ਆਉਂਦੀਆਂ ਹਨ, ਪਰ ਆਮ ਆਦਮੀ ਪਾਰਟੀ ਨੇ ਪੰਜਾਬ ਪੁਲਿਸ ਦੀਆਂ ਗੱਡੀਆਂ ਇੱਥੇ ਕਿਉਂ ਬੁਲਾਈਆਂ, ਉਨ੍ਹਾਂ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ।
ਇਸ ਸਭ ਵਿਚਾਲੇ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਸਥਾਨਕ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਪੰਜਾਬ ਦੇ ਵੀਆਈਪੀਜ਼ ਦੇ ਸ਼ਹਿਰ ਵਿੱਚ ਘੁੰਮਣ-ਫਿਰਨ 'ਤੇ ਚਿੰਤਾ ਪ੍ਰਗਟ ਕੀਤੀ ਹੈ।
ਇਸ ਤੋਂ ਬਾਅਦ ADGP (ਸੁਰੱਖਿਆ) ਪੰਜਾਬ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਗਣਤੰਤਰ ਦਿਵਸ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਵਧੀ ਹੋਈ ਸੁਰੱਖਿਆ ਚੌਕਸੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਸੁਰੱਖਿਆ ਪ੍ਰਾਪਤ ਵਿਅਕਤੀ ਆਪਣੇ ਟੂਰ ਪ੍ਰੋਗਰਾਮ ਤੇ ਸੁਰੱਖਿਆ ਵੇਰਵਿਆਂ ਦੀ ਜਾਣਕਾਰੀ ਦਿੱਲੀ ਪੁਲਿਸ ਦੇ ਡੀਸੀਪੀ ਸੁਰੱਖਿਆ (ਐਸਜੀ) ਨਾਲ ਸਾਝੀ ਕਰਨ।
ਇਸ ਤੋਂ ਬਾਅਦ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਨੇ ਰਾਜ ਦੇ ਉੱਚ ਅਧਿਕਾਰੀਆਂ, ਜਿਨ੍ਹਾਂ ਵਿੱਚ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਨਿੱਜੀ ਸਹਾਇਕ ਸ਼ਾਮਲ ਸਨ, ਨੂੰ ਪੱਤਰ ਲਿਖ ਕੇ ਰਾਜਧਾਨੀ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਟੂਰ ਪ੍ਰੋਗਰਾਮ ਬਾਰੇ ਦਿੱਲੀ ਪੁਲਿਸ ਨੂੰ ਜਾਣਕਾਰੀ ਦੇਣ ਲਈ ਕਿਹਾ ਹੈ। ਏਡੀਜੀਪੀ ਨੇ ਇਹ ਵੀ ਕਿਹਾ ਕਿ ਰਾਜ ਪੁਲਿਸ ਸੁਰੱਖਿਆ ਪ੍ਰਾਪਤ ਐਸਕਾਰਟ ਤੇ ਹੋਰ ਸੁਰੱਖਿਆ ਕਰਮਚਾਰੀਆਂ ਨੂੰ ਆਵਾਜਾਈ ਦੇ ਆਮ ਪ੍ਰਵਾਹ ਵਿੱਚ ਵਿਘਨ ਨਹੀਂ ਪਾਉਣਾ ਚਾਹੀਦਾ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਫੋਰਸ ਨੇ ਪੰਜਾਬ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਰਾਜਧਾਨੀ ਵਿੱਚ ਆਪਣੀ ਹਰਕਤ ਬਾਰੇ ਦਿੱਲੀ ਪੁਲਿਸ ਨੂੰ ਸੂਚਿਤ ਕਰਨ ਲਈ ਸਬੰਧਤ ਨਿਰਦੇਸ਼ ਜਾਰੀ ਕੀਤੇ ਹਨ।