Punjab: ਇਸ ਦੇਸ਼ ਵਿੱਚ ਵੱਸਦੇ ਸਿੱਖਾਂ ਅਤੇ ਹੋਰ ਲੋਕਾਂ ਵਾਸਤੇ ਕਨੂੰਨ ਵਿਵਸਥਾ ਦੋਹਰਾ ਮਾਪਦੰਡ ਅਪਣਾ ਰਹੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਲੋਕਾਂ ਨੂੰ ਸਜਾਵਾ ਕੱਟਣ ਤੋ ਪਹਿਲਾਂ ਹੀ ਕੇਂਦਰ ਸਰਕਾਰ ਰਿਹਾਅ ਕਰ ਰਹੀ ਹੇ ਅਤੇ ਆਪਣੀ ਕੌਮ ਦੀ ਖਾਤਰ ਕੁਰਬਾਨੀਆਂ ਕਰਨ ਵਾਲੇ ਬੰਦੀ ਸਿੰਘਾ ਨੂੰ ਦੋਹਰੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ,ਜੋ ਸਿੱਖਾਂ ਨਾਲ ਵਿਕਤਰੇ ਦੀ ਭਾਵਨਾ ਨੂੰ ਬਿਆਨ ਕਰਦਾ ਹੈ, ਇਸ ਲਈ ਤੁਰੰਤ ਇੰਨ੍ਹਾਂ ਦੀ ਤਰਜ ’ਤੇ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰਕੇ ਮੋਦੀ ਸਰਕਾਰ ਸਿੱਖਾਂ ਨੂੰ ਦੇਸ਼ ਦੇ ਆਪਣੇ ਪਣ ਦਾ ਅਹਿਸਾਸ ਕਰਵਾਏ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਲਾਕੇ ਦੇ ਇਤਿਹਾਸਕ ਸਥਾਨ ਗੁਰੂਦਾਆਰਾ ਬਾਬਾ ਸਹਾਰੀ ਮੱਲ ਜੀ ਅੱਕੂ ਮਸਤੇ ਕੇ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਰ-ਘਰ ਤੋਂ ਮੁਹਿੰਮ ਸ਼ੁਰੂ ਕਰੇਗੀ ਤਾਂ ਜੋ ਸਿੱਖ ਏਕਤਾ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ।
ਭਾਈ ਗਰੇਵਾਲ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਦੇ ਮਾਮਲੇ ਵਿੱਚ ਕਿਸੇ ਵੀ ਸਿੱਖ ਨੂੰ ਕੋਈ ਇਤਰਾਜ਼ ਨਹੀਂ, ਪਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ਦੀ ਨੀਯਤ ਸਾਫ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਿਆ ਅਤੇ ਸਿਹਤ ਸਹੂਲਤਾਂ ਸਬੰਧੀ ਹਮੇਸ਼ਾਂ ਵਧੀਆ ਉਪਰਾਲੇ ਕਰਦੀ ਰਹੀ ਆ ਪਰ ਉਸ ਨੂੰ ਪ੍ਰਚਾਰਣ ਵਿੱਚ ਕਮਜ਼ੋਰੀ ਹੁੰਦੀ ਰਹੀ, ਜਿਸ ਨੂੰ ਸਿੱਖ ਵਿਰੋਧੀ ਲਾਣੇ ਵੱਲੋਂ ਨਾਪੱਖੀ ਪੇਸ਼ ਕੀਤਾ ਜਾਂਦਾ ਰਿਹਾ ਹੈ, ਜਿਸ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਵੱਡਾ ਉਪਰਾਲਾ ਕੀਤਾ ਜਾਵੇਗਾ, ਗੁਰਦੁਆਰਾ ਬਾਬਾ ਸਹਾਰੀ ਮੱਲ ਜੀ ਅੱਕੂ ਮਸਤੇ ਕੇ ਵਿਖੇ ਫੈਡਰੇਸ਼ਨ ਆਗੂ ਦਿਲਬਾਗ ਸਿੰਘ ਵਿਰਕ ਵੱਲੋਂ ਰੱਖੇ ਸਾਦੇ ਸਨਮਾਨ ਸਮਾਰੋਹ ’ਚ ਨਤਮਸਤਕ ਹੋਣ ਉਨ੍ਹਾਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਹੁਦੇਦਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਮਾਨਿਤ ਵੱਲੋਂ ਸਿਰਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।