ਚੰਡੀਗੜ੍ਹ: ਪਟਿਆਲਾ ਹਿੰਸਾ ਦਾ ਸੂਤਰਧਾਰ ਸ਼ਿਵ ਸੈਨਾ (ਬਾਲ ਠਾਕਰੇ) ਦਾ ਪ੍ਰਧਾਨ ਹਰੀਸ਼ ਸਿੰਗਲਾ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਰਹਿ ਚੁੱਕਾ ਹੈ। ਉਹ ਅਕਸਰ ਸੋਸ਼ਲ ਮੀਡੀਆ ਉੱਪਰ ਵੀ ਭੜਕਾਊ ਤਕਰੀਰਾਂ ਕਰਦਾ ਰਹਿੰਦਾ ਹੈ। ਇਸ ਲਈ ਉਹ ਲੰਬੇ ਸਮੇਂ ਤੋਂ ਅਜਿਹੀਆਂ ਸਰਗਰਮੀਆਂ ਕਰਕੇ ਸੁਰਖੀਆਂ ’ਚ ਰਿਹਾ ਹੈ।


ਅਹਿਮ ਗੱਲ ਹੈ ਕਿ ਖ਼ੁਫ਼ੀਆ ਵਿਭਾਗ ਵੱਲੋਂ ਉਸ ਦਾ ਕੱਚਾ ਚਿੱਠਾ ਤਿਆਰ ਕਰਕੇ ਕਈ ਵਾਰੀ ਪੁਲਿਸ ਅਧਿਕਾਰੀਆਂ ਤੇ ਗ੍ਰਹਿ ਵਿਭਾਗ ਨੂੰ ਭੇਜਿਆ ਜਾ ਚੁੱਕਾ ਹੈ, ਪਰ ਉਸ ਖ਼ਿਲਾਫ਼ ਕਿਸੇ ਵੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਇਸ ਨੂੰ ਸਰਕਾਰੀ ਗੱਡੀ ਤੇ ਸੁਰੱਖਿਆ ਗਾਰਦ ਦੇ ਰੱਖੀ ਹੈ।


ਖ਼ੁਫ਼ੀਆ ਵਿਭਾਗ ਦੇ ਸੂਤਰਾਂ ਅਨੁਸਾਰ ‌ਹਰੀਸ਼ ਸਿੰਗਲਾ ਪਹਿਲਾਂ ਸ਼ਿਵ ਸੈਨਾ (ਹਿੰਦੁਸਤਾਨ) ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨਾਲ ਰਹਿੰਦਾ ਸੀ। ਦੋਵਾਂ ਵਿੱਚ ਮਤਭੇਦ ਕਰਕੇ ਇਸ ਨੇ ਸ਼ਿਵ ਸੈਨਾ ਬਾਲ ਠਾਕਰੇ 2007 ਵਿਚ ਜੁਆਇਨ ਕੀਤੀ ਸੀ। ਉਹ ਲਗਾਤਾਰ ਜੰਮੂ ਕਸ਼ਮੀਰ ਮੁੱਦੇ ’ਤੇ, ਪੰਜਾਬ ਵਿੱਚ ਅਤਿਵਾਦੀਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖ਼ਿਲਾਫ਼ ਬਿਆਨਬਾਜ਼ੀ ਕਰਦਾ ਹੈ।


ਉਸ ਨੇ 14 ਦਸੰਬਰ 2007 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚੋਂ ਫ਼ੋਟੋ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਸਬੰਧ ਵਿੱਚ ਥਾਣਾ ਕੋਤਵਾਲੀ ਪੁਲੀਸ ਨੇ ਉਸ ਨੂੰ 14 ਦਸੰਬਰ 2007 ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ।


ਖ਼ੁਫ਼ੀਆ ਵਿਭਾਗ ਨੇ ਅਜੇ ਇੱਕ ਮਹੀਨਾ ਪਹਿਲਾਂ ਗ੍ਰਹਿ ‌‌ਵਿਭਾਗ ਨੂੰ ਸ਼ਿਵ ਸੈਨਾ ਆਗੂ ਬਾਰੇ ਰਿਪੋਰਟ ਭੇਜੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ‌ਹਰੀਸ਼ ਸਿੰਗਲਾ ਸਿੱਖਾਂ ਤੇ ਹਿੰਦੂਆਂ ਵਿਚ ਫ਼ਸਾਦ ਪੈਦਾ ਕਰ ਸਕਦਾ ਹੈ, ਲਿਹਾਜ਼ਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Disha Patani Photos: ਦਿਸ਼ਾ ਪਟਾਨੀ ਦਾ ਇਹ ਨਵਾਂ ਲੁੱਕ ਡਿਜ਼ਨੀ ਪ੍ਰਿੰਸੈਸ ਤੋਂ ਘੱਟ ਨਹੀਂ, ਸ਼ਾਰਟ ਡਰੈੱਸ ਪਾ ਐਕਟਰਸ ਨੇ ਲੁੱਟਿਆ ਮੇਲਾ