Punjab News: ਸ਼੍ਰੋਮਣੀ ਅਕਲੀ ਦਲ ਨੇ ਸਰਕਾਰੀ ਇਸ਼ਤਿਹਾਰਬਾਜ਼ੀ ਉੱਪਰ ਖਰਚੇ ਪੈਸੇ ਆਮ ਆਦਮੀ ਪਾਰਟੀ ਦੇ ਖਾਤੇ ਵਿੱਚੋਂ ਵਸੂਲਣ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਨਤਾ ਦਾ ਪੈਸਾ ਸਿਆਸੀ ਹਿੱਤਾਂ ਲਈ ਉਜਾੜਿਆ ਗਿਆ ਹੈ। ਇਸ ਲਈ ਇਹ ਪੈਸਾ ਆਮ ਆਦਮੀ ਪਾਰਟੀ ਦੇ ਖਾਤੇ ਵਿੱਚੋਂ ਵਸੂਲਣ ਦੇ ਹੁਕਮ ਦਿੱਤੇ ਜਾਣ। 


ਸ਼੍ਰੋਮਣੀ ਅਕਲੀ ਦਲ ਦੇ ਫੇਸਬੁੱਕ ਪੇਜ਼ ਉਪਰ ਲਿਖਿਆ ਹੈ ਕਿ ਪਾਰਟੀ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਬਾਕੀ ਰਾਜਾਂ ਵਿੱਚ ਪ੍ਰਫੁੱਲਤਾ ਤੇ ਪਾਰਟੀ ਦੀ ਮਸ਼ਹੂਰੀ ਤੇ ਵਿਸਥਾਰ ਲਈ ਕੀਤੀ ਜਾ ਰਹੀ ਇਸ਼ਤਿਹਾਰਬਾਜੀ ਸਬੰਧੀ ਦਿੱਲੀ ਦੇ ਉਪ ਰਾਜਪਾਲ ਵਾਂਗ ਠੋਸ ਕਦਮ ਉਠਾਏ ਜਾਣ। 


ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਕਿਹਾ ਹੈ ਕਿ ਇਸ਼ਤਿਹਰਬਾਜ਼ੀ ਲਈ ਵਰਤੇ ਜਾ ਰਹੇ ਇਲੈਕਟ੍ਰੋਨਿਕ, ਪ੍ਰਿੰਟ ਤੇ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੇ ਜਾ ਰਾਹੇ ਇਸਤਿਹਾਰਾਂ ਦੇ ਬਿੱਲਾਂ ਦੀ ਅਦਾਇਗੀ ਪਾਰਟੀ ਦੇ ਖਾਤੇ ਵਿਚੋਂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਕਿਉਂਕਿ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਵਿੱਚ ਫੋਕੀ ਵਹਾ ਵਾਹੀ ਲਈ ਕੀਤੀ ਗਈ ਬੇਸ਼ੁਮਾਰ ਇਸ਼ਤਿਹਾਰਬਾਜ਼ੀ ਦਾ ਸਾਰਾ ਖਰਚਾ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਟੈਕਸਾਂ ਵਿੱਚੋਂ ਕੀਤਾ ਗਿਆ ਹੈ ਜੋ ਸਿੱਧੇ ਰੂਪ ਵਿੱਚ ਪੰਜਾਬ ਲਈ ਨੁਕਸਾਨਦਾਇਕ ਹੋ ਕਿ ਪੰਜਾਬ ਦਾ ਵਿਕਾਸ ਰੋਕ ਰਿਹਾ ਹੈ।


 



ਦੱਸ ਦਈਏ ਕਿ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨੂੰ ਸਰਕਾਰੀ ਇਸ਼ਤਿਹਾਰਾਂ ਦੀ ਆੜ ਹੇਠ 2016 ਵਿੱਚ ਪ੍ਰਕਾਸ਼ਿਤ ਕੀਤੇ ਗਏ ਸਿਆਸੀ ਇਸ਼ਤਿਹਾਰਾਂ ਲਈ ਆਮ ਆਦਮੀ ਪਾਰਟੀ (‘ਆਪ’) ਤੋਂ 97 ਕਰੋੜ ਰੁਪਏ ਦੀ ਵਸੂਲੀ ਦਾ ਹੁਕਮ ਦਿੱਤਾ ਹੈ।


ਇਹ ਘਟਨਾਕ੍ਰਮ ‘ਆਪ’ ਵੱਲੋਂ ਭਾਜਪਾ ਤੋਂ ਦਿੱਲੀ ਨਗਰ ਨਿਗਮ ਦੀ ਸੱਤਾ ਹਥਿਆਉਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ। ਦੂਜੇ ਪਾਸੇ ‘ਆਪ’ ਨੇ ਦੋਸ਼ ਲਾਇਆ ਹੈ ਕਿ ਉਪ ਰਾਜਪਾਲ ਭਗਵਾ ਪਾਰਟੀ ਦੇ ਕਥਿਤ ਨਿਰਦੇਸ਼ਾਂ ’ਤੇ ਇਹ ਹੁਕਮ ਦੇ ਰਹੇ ਹਨ ਤੇ ਦਾਅਵਾ ਕੀਤਾ ਕਿ ਸਕਸੈਨਾ ਕੋਲ ਅਜਿਹੇ ਹੁਕਮ ਜਾਰੀ ਕਰਨ ਦੀ ਸ਼ਕਤੀ ਨਹੀਂ ਹੈ। 


ਹਾਲਾਂਕਿ ਦਿੱਲੀ ਵਿੱਚ ਵਿਰੋਧੀ ਧਿਰ ਭਾਜਪਾ ਨੇ ਉਪ ਰਾਜਪਾਲ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਤੋਂ ਵਸੂਲੀ ਜਾਣ ਵਾਲੀ ਰਕਮ ਵਧ ਕੇ 400 ਕਰੋੜ ਰੁਪਏ ਹੋ ਸਕਦੀ ਹੈ। 


ਉਧਰ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਕੋਲ ਪਾਰਟੀ ਦੇ ਮੁੱਖ ਸਕੱਤਰ ਨੂੰ ਪਾਰਟੀ ਤੋਂ ‘ਸਿਆਸੀ ਇਸ਼ਤਿਹਾਰਾਂ’ ਲਈ 97 ਕਰੋੜ ਰੁਪਏ ਵਸੂਲਣ ਦੇ ਹੁਕਮ ਜਾਰੀ ਕਰਨ ਦੇ ਅਧਿਕਾਰ ਨਹੀਂ ਹਨ। ‘ਆਪ’ ਦੇ ਮੁੱਖ ਤਰਜਮਾਨ ਸੌਰਭ ਭਾਰਦਵਾਜ ਨੇ ਉਪ ਰਾਜਪਾਲ ਦੇ ਨਿਰਦੇਸ਼ਾਂ ਨੂੰ ‘ਨਵਾਂ ਲਵ ਲੈਟਰ’ ਕਰਾਰ ਦਿੰਦਿਆਂ ਕਿਹਾ ਕਿਉਂਕਿ ਵੈਲਨਟਾਈਨ ਡੇਅ ਨੇੜੇ ਆ ਰਿਹਾ ਹੈ ਤੇ ਅਜਿਹੇ ਪੱਤਰਾਂ ਦੀ ਗਿਣਤੀ ਵਧ ਸਕਦੀ ਹੈ।