Punjab News: ਨਵਾਂਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਅੱਜ ਸਕੂਲ ਆਫ਼ ਐਮੀਨੈਂਸ ਦਾ ਉਤਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਨੀਸ਼ ਸਿਸੋਦੀਆ (Manish Sisodia) ਵੀ ਮੌਜੂਦ ਰਹੇ। ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਦੌਰਾਨ ਭਗਵੰਤ ਮਾਨ ਅਤੇ ਮਨੀਸ਼ ਸਿਸੋਸੀਆ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ। ਹਾਲਾਂਕਿ ਇਸ ਦੌਰਾਨ ਨੀਂਹ ਪੱਥਰ ਰੱਖੇ ਜਾਣ ਉੱਤੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਦਾ ਨਾਂਅ ਲਿਖੇ ਜਾਣੇ ਉੱਤੇ ਵਿਵਾਦ ਹੋ ਰਿਹਾ ਹੈ।

ਇਸ ਨੂੰ ਲੈ ਕੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੁੱਖ ਮੰਤਰੀ ਭਗਵੰਤ ਮਾਨ ਜੀ, ਤੁਹਾਡੇ ਲੁਕੋਇਆ ਇਹ ਕੰਮ ਹੁਣ ਲੁਕਣ ਵਾਲਾ ਨਹੀਂ—ਤੁਸੀਂ ਪੰਜਾਬ ਦੇ ਸਰਕਾਰੀ ਕੰਮਾਂ ਵਿੱਚ ਦਿੱਲੀ ਦੇ ਨਕਾਰੇ ਲੀਡਰਾਂ ਦੇ ਨਾਮ ਥੋਪ ਰਹੇ ਹੋ, ਜਿਨ੍ਹਾਂ ਕੋਲ ਇੱਥੇ ਕੋਈ ਸੰਵਿਧਾਨਕ ਅਹੁਦਾ ਨਹੀਂ! ਜੇ ਤੁਹਾਨੂੰ ਦਿੱਲੀ ਵਾਲਿਆਂ ਦੇ ਨਾਮ ਪੰਜਾਬ ਦੇ ਸਰਕਾਰੀ ਕੰਮਾਂ 'ਤੇ ਲਿਖਣ ਦਾ ਇਹਨਾ ਹੀ ਚਾਅ ਹੈ, ਤਾਂ ਚੰਗਾ ਹੋਵੇਗਾ ਕਿ ਲੁਧਿਆਣਾ ਪੱਛਮੀ ਤੋਂ ਉਨ੍ਹਾਂ ਨੂੰ ਚੋਣ ਲੜਵਾ ਕੇ ਸਿੱਧਾ ਆਪਣੀ ਕੁਰਸੀ 'ਤੇ ਬਿਠਾ ਦਿਉ!

ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੀਂਹ ਪੱਥਰ ਰੱਖੇ ਜਾਣ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਸੋਸ਼ਲ ਮੀਡੀਆ ਉੱਤੇ ਲਿਖਿਆ, ਰੰਗਲੇ ਪੰਜਾਬ ਦਾ ਸਿੱਖਿਆ ਕ੍ਰਾਂਤੀ ਵੱਲ ਇੱਕ ਹੋਰ ਇਤਿਹਾਸਕ ਕਦਮ! ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਜੀ ਨਾਲ 5.68 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਅੱਜ ਪੂਰੇ ਪੰਜਾਬ 'ਚ ਇਸ ਤਰ੍ਹਾਂ ਦੇ ਲਗਭਗ 350 ਹੋਰ ਸ਼ਾਨਦਾਰ ਸਰਕਾਰੀ ਸਕੂਲ ਬੱਚਿਆਂ ਨੂੰ ਸਮਰਪਿਤ ਕੀਤੇ ਗਏ। ਜਿਸ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।  ਬੇਹੱਦ ਸ਼ਾਨਦਾਰ ਇਹ ਸਕੂਲ ਸਿੱਖਿਆ ਦੇ ਨਾਲ-ਨਾਲ ਸਹੂਲਤਾਂ 'ਚ ਵੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣਗੇ। ਸੂਬੇ ਦੇ ਵਿਦਿਆਰਥੀਆਂ ਨੂੰ ਕੁਆਲਿਟੀ ਸਿੱਖਿਆ ਦੇਣ ਲਈ ਸਾਡੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਜਲਦ ਹੀ ਸਿੱਖਿਆ ਦੇ ਖੇਤਰ 'ਚ ਪੰਜਾਬ ਇੱਕ ਮੋਹਰੀ ਸੂਬਾ ਬਣੇਗਾ।

ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿਚ 17 ਹਜ਼ਾਰ ਕਰੋੜ ਤੋਂ ਵਧੇਰੇ ਦਾ ਬਜਟ ਸਿੱਖਿਆ ਲਈ ਰੱਖਿਆ ਗਿਆ ਹੈ। ਪਹਿਲਾਂ ਸਾਰੀ ਕਮਾਈ ਪੜ੍ਹਾਈ 'ਚ ਚਲੀ ਜਾਂਦੀ ਸੀ।ਪੰਜਾਬ ਵਿਚ ਦਿੱਲੀ ਦੇ ਸਿੱਖਿਆ ਮਾਡਲ ਨੂੰ ਅਪਣਾਇਆ ਗਿਆ ਅਤੇ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲੈ ਰਹੇ ਹਨ।

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ। ਪੰਜਾਬ ਵਿਚ ਵੀ ਹੁਣ ਲੋਕਾਂ ਵਿਚਾਲੇ ਸਰਕਾਰੀ ਸਕੂਲਾਂ ਦੀ ਚਰਚਾ ਹੋ ਰਹੀ ਹੈ। ਭਗਵੰਤ ਮਾਨ ਨੇ ਕਿ ਪੰਜਾਬ ਵਿਚ ਹੁਣ ਤੱਕ ਬਿਨਾਂ ਸਿਫ਼ਾਰਿਸ਼ ਦੇ 54,003 ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਨਿਯੁਕਤੀ ਪੱਤਰ ਦਿੱਤੇ ਜਾਣਗੇ।