Punjab News: ਕੇਂਦਰ ਵੱਲੋਂ ਸਿੱਖ ਸੈਨਿਕਾਂ ਲਈ ਹੈਲਮੇਟ ਲਾਗੂ ਕਰਨ ਦੇ ਬਿਆਨ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਸਿੱਖ ਫੌਜੀਆਂ ਲਈ ਹੈਲਮੇਟ ਲਾਗੂ ਕਰਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਸੁਖਬੀਰ ਬਾਦਲ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਅਜਿਹਾ ਨਾ ਕੀਤਾ ਜਾਵੇ। ਇਸ ਮੌਕੇ ਸੁਖਬੀਰ ਬਾਦਲ ਕਾਂਗਰਸ ਉੱਤੇ ਵੀ ਸਿਆਸੀ ਵਾਰ ਕਰਦੇ ਨਜ਼ਰ ਆਏ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਉੱਥੇ ਇਹ ਗਾਂਧੀ ਪਰਿਵਾਰ ਹੀ ਹੈ ਜਿਸਨੇ ਪੰਜਾਬ ਵਿੱਚ ਕਤਲੇਆਮ ਕਰਵਾਇਆ ਅਤੇ ਪੰਜਾਬ ਦਾ ਪਾਣੀ ਵੀ ਵੰਡਿਆ।
ਜ਼ਿਕਰ ਕਰ ਦਈਏ ਕਿ ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਪਾਉਣ ਦੇ ਆਰਮੀ ਦੇ ਪ੍ਰਸਤਾਵ ਨੂੰ ਲੈ ਕੇ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਫੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੱਖਿਆ ਮੰਤਰਾਲੇ ਵੱਲੋਂ ਇਸ ਤਰ੍ਹਾਂ ਦਾ ਇਹ ਪਹਿਲਾ ਆਰਡਰ ਹੈ, ਹਾਲਾਂਕਿ ਪਿਛਲੇ ਸਾਲ ਕਿਸੇ ਕੰਪਨੀ ਨੇ ਸਿੱਖ ਫੌਜੀਆਂ ਲਈ ਅਜਿਹੇ ਹੈਲਮੇਟ ਡਿਜ਼ਾਈਨ ਕੀਤੇ ਸਨ।
ਇਸ ਨੂੰ ‘ਸਿੱਖ ਪਛਾਣ’ ’ਤੇ ਹਮਲਾ ਕਰਾਰ ਦਿੰਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰੱਖਿਆ ਮੰਤਰਾਲੇ ਨੂੰ ਇਸ ਕਦਮ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਸਿੱਖ ਮਰਿਆਦਾ ਵਿੱਚ ਕਿਸੇ ਵੀ ਕਿਸਮ ਦੀ ਟੋਪੀ ਜਾਂ ਹੈਲਮੇਟ ਪਹਿਨਣ ਦੀ ਸਖ਼ਤ ਮਨਾਹੀ ਹੈ। ਦਸਤਾਰ ਸਿਰਫ਼ ਪੰਜ ਜਾਂ ਸੱਤ ਮੀਟਰ ਦੇ ਕੱਪੜੇ ਦਾ ਟੁਕੜਾ ਨਹੀਂ ਹੈ, ਇਹ ਗੁਰੂ ਸਾਹਿਬ ਦੁਆਰਾ ਸਿੱਖਾਂ ਦੇ ਸਿਰਾਂ 'ਤੇ ਰੱਖਿਆ ਗਿਆ ਇੱਕ ਚੱਕਰ ਹੈ ਅਤੇ ਇਹ ਸਾਡੀ ਪਛਾਣ ਦਾ ਪ੍ਰਤੀਕ ਹੈ। ਦਸਤਾਰ ਦੀ ਥਾਂ ਹੈਲਮੇਟ ਪਾਉਣਾ ਸਿੱਖਾਂ ਦੀ ਪਛਾਣ ਨੂੰ ਢਾਹ ਲਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾਵੇਗਾ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਂ ਸਰਕਾਰ ਅਤੇ ਫੌਜ ਨੂੰ ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖ ਸੈਨਿਕਾਂ ਦੇ ਸਿਰ 'ਤੇ ਹੈਲਮਟ ਪਾਉਣ ਦੇ ਕਦਮ 'ਤੇ ਮੁੜ ਵਿਚਾਰ ਕਰਨ ਲਈ ਕਹਿੰਦਾ ਹਾਂ।