Gujarat Elections 2022 : ਈਸੂਦਾਨ ਗਢਵੀ ਨੂੰ ਆਮ ਆਦਮੀ ਪਾਰਟੀ (ਆਪ) ਨੇ ਆਗਾਮੀ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਖ ਮੰਤਰੀ ਉਮੀਦਵਾਰ ਵੱਜੋਂ ਚੁਣਿਆ ਹੈ। ਸਾਬਕਾ ਟੀਵੀ ਐਂਕਰ ਅਤੇ ਪੱਤਰਕਾਰ ਈਸੂਦਾਨ ਗਢਵੀ ਨੂੰ ਪਾਰਟੀ ਵੱਲੋਂ ਕਰਵਾਏ ਗਏ ਸਰਵੇਖਣ, ਜਿਸ ਵਿੱਚ 16 ਲੱਖ ਤੋਂ ਵੱਧ ਲੋਕਾਂ ਨੇ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਵੋਟ ਪਾਈ, ਵਿੱਚ 73 ਫੀਸਦੀ ਵੋਟਾਂ ਮਿਲੀਆਂ।

ਪਾਰਟੀ ਨੇ 29 ਅਕਤੂਬਰ ਨੂੰ ਮੁੱਖ ਮੰਤਰੀ ਉਮੀਦਵਾਰ ਦੇ ਨਾਮ ਲਈ ਗੁਜਰਾਤ ਦੇ ਲੋਕਾਂ ਤੋਂ ਸੁਝਾਅ ਲੈਣ ਲਈ ਇੱਕ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ ਸੀ ਅਤੇ ਲੋਕਾਂ ਨੇ 40 ਸਾਲਾ ਗਢਵੀ ਨੂੰ ਆਪ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਵੱਜੋਂ ਚੁਣਨ ਲਈ ਐਸਐਮਐਸ, ਵਟਸਐਪ ਮੈਸੇਜ, ਵੌਇਸ ਮੇਲ ਅਤੇ ਈ-ਮੇਲ ਰਾਹੀਂ ਵੋਟ ਪਾਈ ਸੀ।

ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗਢਵੀ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ ਕਿ 'ਆਪ' ਇੱਕ ਅਸਲੀ ਲੋਕਤੰਤਰੀ ਪਾਰਟੀ ਹੈ ਅਤੇ ਗੁਜਰਾਤ ਦੇ ਲੋਕਾਂ ਵੱਲੋਂ ਦਿੱਤੀ ਗਈ ਰਾਏ ਦੇ ਆਧਾਰ 'ਤੇ ਉਨ੍ਹਾਂ ਨੇ ਆਪਣਾ ਮੁੱਖ ਮੰਤਰੀ ਚਿਹਰਾ ਚੁਣਿਆ ਹੈ।ਗਢਵੀ, ਆਪ ਦੇ ਕੌਮੀ ਜਨਰਲ ਸਕੱਤਰ, ਸਾਬਕਾ ਪੱਤਰਕਾਰ ਹਨ ਅਤੇ ਉਹ ਜੂਨ 2021 ਵਿੱਚ 'ਆਪ' ਵਿੱਚ ਸ਼ਾਮਲ ਹੋਏ ਸਨ। 


 

ਕੇਜਰੀਵਾਲ ਦਾ ਧੰਨਵਾਦ ਕਰਦਿਆਂ ‘ਆਪ’ ਦੇ ਗੁਜਰਾਤ ਦੇ ਮੁੱਖ ਮੰਤਰੀ ਉਮੀਦਵਾਰ ਗਢਵੀ ਨੇ ਕਿਹਾ ਕਿ ਉਹ ‘ਆਪ’ ਸੁਪਰੀਮੋ ਕੇਜਰੀਵਾਲ, ਸਾਰੇ ਵਰਕਰਾਂ ਅਤੇ ਖਾਸ ਕਰਕੇ ਗੁਜਰਾਤ ਦੇ ਲੋਕਾਂ ਦਾ ਉਨ੍ਹਾਂ ‘ਤੇ ਭਰੋਸਾ ਦਿਖਾਉਣ ਅਤੇ ਉਨ੍ਹਾਂ ਵਰਗੇ ਆਮ ਆਦਮੀ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇਣ ਲਈ ਧੰਨਵਾਦੀ ਹਨ।ਗਢਵੀ ਨੇ ਅੱਗੇ ਕਿਹਾ, "ਮੈਂ ਵਾਅਦਾ ਕਰਦਾ ਹਾਂ ਕਿ ਮੈਂ ਲੋਕਾਂ ਦਾ ਸੇਵਕ ਬਣ ਕੇ, ਜਨਤਾ ਦੀ ਭਲਾਈ ਲਈ ਸਮਰਪਿਤ ਹੋ ਕੇ ਕੰਮ ਕਰਾਂਗਾ ਅਤੇ ਗੁਜਰਾਤ ਵਿੱਚ ਬਦਲਾਅ ਲਿਆਵਾਂਗਾ।"

ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਦਲਾਅ ਲਈ ਆਪਣਾ ਮਨ ਬਣਾ ਚੁੱਕੇ ਗੁਜਰਾਤ ਦੇ ਲੋਕਾਂ ਨੇ ਆਪਣੇ ਨਵੇਂ ਮੁੱਖ ਮੰਤਰੀ ਦਾ ਨਾਂ ਚੁਣਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਫੈਸਲੇ ਲੈਣ ਵਾਲੀਆਂ ਰਵਾਇਤੀ ਪਾਰਟੀਆਂ ਦੇ ਉਲਟ 'ਆਪ' ਸੱਚੀ ਲੋਕਤੰਤਰੀ ਪਾਰਟੀ ਹੈ ਅਤੇ ਲੋਕਾਂ ਤੋਂ ਸੁਝਾਅ ਲੈ ਕੇ ਹੀ ਸਾਰੇ ਫੈਸਲੇ ਲਾਗੂ ਕਰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਆਪਣੇ ਮੁੱਖ ਮੰਤਰੀ ਆਪ ਚੁਣੇ ਅਤੇ ਹੁਣ ਗੁਜਰਾਤ ਦੀ ਜਨਤਾ ਨੇ ਵੀ ਆਪਣਾ ਫ਼ੈਸਲਾ ਆਪ ਲਿਆ। 'ਆਪ' ਲੋਕਾਂ ਦੀ ਪਾਰਟੀ ਹੈ ਅਤੇ ਇਸ ਦਾ ਮਕਸਦ ਗਰੀਬਾਂ ਅਤੇ ਆਮ ਲੋਕਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਨੇ ਆਪਣੇ 27 ਸਾਲਾਂ ਦੇ ਕਾਰਜਕਾਲ ਵਿੱਚ ਆਮ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਅਤੇ ਉਲਟਾ ਗੁਜਰਾਤ ਦੇ ਲੋਕਾਂ ਨੂੰ ਲੁੱਟਿਆ। ਪਰ 'ਆਪ' ਪਾਰਟੀ ਦੀ ਸਰਕਾਰ ਦਿੱਲੀ ਅਤੇ ਪੰਜਾਬ ਦੀ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਸਿਹਤ, ਸਿੱਖਿਆ ਅਤੇ ਸਰਕਾਰੀ ਪ੍ਰਣਾਲੀ ਵਿੱਚ ਸੁਧਾਰ ਲਿਆਏਗੀ।