ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਤਾਣੀ ਹੋਰ ਉਲਝਦੀ ਦਿੱਖ ਰਹੀ ਹੈ। ਪੁਲਿਸ ਬੇਸ਼ੱਕ ਨਿੱਤ ਨਵੇਂ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਅਜੇ ਹਨ੍ਹੇਰੇ 'ਚ ਹੀ ਤੀਰ ਚਲਾਏ ਜਾ ਰਹੇ ਹਨ। ਇਸ ਮਾਮਲੇ ਵਿੱਚ ਪੁਲਿਸ ਦੇ ਕਈ ਦਾਅਵੇ ਗਲਤ ਵੀ ਸਾਬਤ ਹੋ ਰਹੇ ਹਨ। ਹੋਰ ਤਾਂ ਹੋਰ ਜਾਂਚ ਦੌਰਾਨ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਦੀ ਜਾਂਚ ਤੇ ਦਾਅਵੇ ਵੀ ਵੱਖਰੇ-ਵੱਖਰੇ ਰੂਪ ਵਿੱਚ ਸਾਹਮਣੇ ਆਉਣ ਲੱਗੇ ਹਨ ਜਿਸ ਕਰਕੇ ਕਈ ਸਵਾਲ ਖੜ੍ਹੇ ਹੋਣ ਲੱਗੇ ਹਨ।
ਕਤਲ ਕੇਸ ’ਚ 8 ਸ਼ੂਟਰਾਂ ਦੀ ਲਿਸਟ 'ਤੇ ਸਵਾਲ
ਦਰਅਸਲ ਪੁਲਿਸ ਵੱਲੋਂ ਪਹਿਲਾਂ 8 ਸਾਰਪ ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ, ਪਰ ਹੁਣ ਪੁਲਿਸ ਕਹਿ ਰਹੀ ਹੈ ਕਿ ਇਨ੍ਹਾਂ ਵਿੱਚੋਂ ਕਈ ਉਸ ਘਟਨਾ ਵਿੱਚ ਸ਼ਾਮਲ ਨਹੀਂ ਸਨ। ਦਿੱਲੀ ਪੁਲਿਸ ਜਿੱਥੇ 5 ਜਾਂ 6 ਸ਼ੂਟਰਾਂ ਦੀ ਗੱਲ ਕਹਿ ਰਹੀ ਹੈ, ਉਥੇ ਹੀ ਪੰਜਾਬ ਪੁਲਿਸ ਚਾਰ ਸ਼ੂਟਰ ਦੱਸ ਰਹੀ ਹੈ, ਜਦਕਿ ਸਹੀ ਗਿਣਤੀ ਦਾ ਹਾਲੇ ਤੱਕ ਕਿਸੇ ਨੂੰ ਵੀ ਪਤਾ ਨਹੀਂ।
ਮਹਾਕਾਲ ਤੇ ਹਰਕਮਲ ਰਾਣੂ ਕਤਲ 'ਚ ਨਹੀਂ ਸੀ ਸ਼ਾਮਲ?
ਪੁਲਿਸ ਸੂਤਰਾਂ ਮੁਤਾਬਕ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ 8 ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਪੁਣੇ ਦੇ ਸਿਧੇਸ਼ ਹੀਰਾਮਨ ਕਾਂਬਲੇ ਉਰਫ਼ ਸੌਰਵ ਮਹਾਕਾਲ ਨੂੰ ਪੁਣੇ ਦੀ ਪੁਲਿਸ ਨੇ ਫੜਿਆ ਹੈ, ਪਰ ਹੁਣ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਹਾਕਾਲ, ਸਿੱਧੂ ਮੂਸੇਵਾਲਾ ਦਾ ਕਾਤਲ ਨਹੀਂ ਤੇ ਕਾਤਲਾਂ ਦਾ ਕਰੀਬੀ ਹੋ ਸਕਦਾ ਹੈ। ਇਸੇ ਤਰ੍ਹਾਂ ਬਠਿੰਡਾ ਪੁਲਿਸ ਨੇ ਹਰਕਮਲ ਰਾਣੂ ਨੂੰ ਹਿਰਾਸਤ ਵਿੱਚ ਲਿਆ ਹੈ, ਪਰ ਉਸ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਪਰਾਧੀ ਕਿਸਮ ਦਾ ਬੰਦਾ ਤਾਂ ਹੈ ਤੇ ਉਸ ’ਤੇ ਗਿਆਰਾਂ ਕੇਸ ਵੀ ਦਰਜ ਹਨ, ਪਰ ਸਿੱਧੂ ਦੇ ਕਤਲ ਵਿੱਚ ਉਹ ਸ਼ਾਮਲ ਨਹੀਂ ਲੱਗਦਾ।
ਕਤਲ ਲਈ ਵਰਤੇ ਹਥਿਆਰਾਂ ਬਾਰੇ ਵੀ ਸਪੱਸ਼ਟ ਨਹੀਂ ਪੁਲਿਸ
ਇਹ ਵੀ ਅਹਿਮ ਹੈ ਕਿ ਪੁਲਿਸ ਹਾਲੇ ਤੱਕ ਕਤਲ ਲਈ ਵਰਤੇ ਗਏ ਹਥਿਆਰਾਂ ਬਾਰੇ ਵੀ ਸਪੱਸ਼ਟ ਨਹੀਂ ਹੋ ਸਕੀ। ਸਿੱਧੂ ਮੂਸੇਵਾਲਾ ਦੇ ਸਰੀਰ ਉੱਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਸਨ, ਜਿਨ੍ਹਾਂ ਵਿੱਚੋਂ 7 ਗੋਲੀਆਂ ਉਸ ਦੇ ਸਰੀਰ ਅੰਦਰੋਂ ਮਿਲੀਆਂ ਸਨ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ 3 ਕਿਸਮ ਦੇ ਹਥਿਆਰ ਵਰਤੇ ਗਏ ਹਨ ਤੇ ਇਨ੍ਹਾਂ ਵਿੱਚੋਂ ਇੱਕ ਰੂਸੀ ਏਐਨ-94 ਹੋਣ ਦਾ ਵੀ ਦਾਅਵਾ ਸੀ, ਪਰ ਯਕੀਨ ਨਾਲ ਇਸ ਹਥਿਆਰ ਦੀ ਵਰਤੋਂ ਹੋਣ ਬਾਰੇ ਪੰਜਾਬ ਪੁਲਿਸ ਹਾਲੇ ਕੁਝ ਨਹੀਂ ਕਹਿ ਰਹੀ। ਪੁਲਿਸ ਅਫ਼ਸਰਾਂ ਦਾ ਕਹਿਣਾ ਹੈ ਕਿ ਸਬੂਤ ਲੈਬਾਰਟਰੀ ’ਚ ਭੇਜੇ ਗਏ ਹਨ ਤੇ ਰਿਪੋਰਟਾਂ ਆਉਣ ’ਤੇ ਹੀ ਅਸਲੀਅਤ ਪਤਾ ਲੱਗ ਸਕੇਗੀ।
ਪੰਜਾਬ ਪੁਲਿਸ ਵੱਲੋਂ ਹੁਣ ਤੱਕ ਨੌਂ ਲੋਕ ਗ੍ਰਿਫਤਾਰ
ਪੰਜਾਬ ਪੁਲਿਸ ਨੇ ਹੁਣ ਤੱਕ ਇਸ ਕੇਸ ਵਿੱਚ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸੰਦੀਪ ਕੁਮਾਰ ਉਰਫ ਕੇਕੜਾ ਵੀ ਸ਼ਾਮਲ ਹੈ। ਉਹ ਹੁਣ ਪੁਲਿਸ ਰਿਮਾਂਡ ’ਤੇ ਹੈ। ਉਸ ਤੋਂ ਇਲਾਵਾ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਮੋਨੂੰ ਡਾਗਰ, ਪਵਨ, ਨਸੀਬ ਖ਼ਾਨ ਦਾ ਵੀ ਕੇਕੜਾ ਦੇ ਨਾਲ ਹੀ 15 ਜੂਨ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦਕਿ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਤੇ ਚਰਨਜੀਤ ਸਿੰਘ ਚੇਤਨ ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਮਾਨਸਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਤਾਣੀ ਹੋਰ ਉਲਝੀ! ਅਜੇ ਹਨ੍ਹੇਰੇ 'ਚ ਹੀ ਤੀਰ ਚਲਾ ਰਹੀ ਪੰਜਾਬ ਪੁਲਿਸ
abp sanjha
Updated at:
13 Jun 2022 09:21 AM (IST)
Edited By: ravneetk
ਪੁਲਿਸ ਵੱਲੋਂ ਪਹਿਲਾਂ 8 ਸਾਰਪ ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ, ਪਰ ਹੁਣ ਪੁਲਿਸ ਕਹਿ ਰਹੀ ਹੈ ਕਿ ਇਨ੍ਹਾਂ ਵਿੱਚੋਂ ਕਈ ਉਸ ਘਟਨਾ ਵਿੱਚ ਸ਼ਾਮਲ ਨਹੀਂ ਸਨ।
sidhu moosewala murder
NEXT
PREV
Published at:
13 Jun 2022 09:21 AM (IST)
- - - - - - - - - Advertisement - - - - - - - - -