ਚੰਡੀਗੜ੍ਹ: ਪੰਜਾਬ ਸਰਕਾਰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ। ਇਸ ਲਈ ਪੰਜਾਬ ਪੁਲਿਸ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਪੰਜਾਬ ਸਰਕਾਰ ਨੇ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਸੂਬੇ ਵਿੱਚੋਂ ਗੈਂਗਸਟਰ ਕਲਚਰ ਨੂੰ ਹਰ ਹੀਲੇ ਨੱਥ ਪਾਈ ਜਾਵੇ। ਇਸ ਲਈ ਪੁਲਿਸ ਨੂੰ ਵਾਧੂ ਤਾਕਤਾਂ ਵੀ ਦਿੱਤੀਆਂ ਹਨ। 


ਸੂਤਰਾਂ ਮੁਤਾਬਕ ਪੁਲਿਸ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਇਸ ਤਹਿਤ ਜਲਦੀ ਹੀ ਸੂਬੇ ਦੀਆਂ 8 ਪੁਲਿਸ ਰੇਂਜਾਂ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਤਾਇਨਾਤ ਕੀਤੀ ਜਾ ਰਹੀ ਹੈ। ਇਸ ਵਿੱਚ 250 ਅਧਿਕਾਰੀ ਤੇ ਕਮਾਂਡੋ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਨੂੰ ਹਾਈਟੈਕ ਹਥਿਆਰ ਦਿੱਤੇ ਜਾਣਗੇ। ਆਈਜੀ ਪੱਧਰ ਦੇ ਅਧਿਕਾਰੀ ਟੀਮ ਦੀ ਅਗਵਾਈ ਕਰਨਗੇ। ਅੰਮ੍ਰਿਤਸਰ ਸਮੇਤ ਜਦੋਂ ਵੀ ਕਿਸੇ ਮੁਕਾਬਲੇ ਵਰਗੀ ਸਥਿਤੀ ਪੈਦਾ ਹੋਵੇਗੀ ਤਾਂ ਇਹ ਟੀਮਾਂ ਇਸ ਨੂੰ ਅੰਜਾਮ ਦੇਣਗੀਆਂ।



ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਇਹ ਟੀਮਾਂ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਰੋਪੜ, ਫਰੀਦਕੋਟ ਤੇ ਬਾਰਡਰ ਰੇਂਜ ਵਿੱਚ ਤਾਇਨਾਤ ਰਹਿਣਗੀਆਂ। ਇਹ ਟੀਮਾਂ ਲਗਾਤਾਰ ਆਪਣੇ ਇਲਾਕੇ ਵਿੱਚ ਗੈਂਗਸਟਰਾਂ ਦੀ ਭਾਲ ਕਰਨਗੀਆਂ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਗੀਆਂ। ਜੇਕਰ ਐਨਕਾਊਂਟਰ ਦੀ ਸਥਿਤੀ ਹੁੰਦੀ ਹੈ ਤਾਂ ਇਨ੍ਹਾਂ ਟੀਮਾਂ ਨੂੰ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।


ਮਹੀਨੇ ਦੌਰਾਨ 90 ਤੋਂ ਵੱਧ ਗੈਂਗਸਟਰਾਂ ਨੂੰ ਕਾਬੂ ਜਾਂ ਖਤਮ ਕੀਤਾ-ਅਮਨ ਅਰੋੜਾ 
ਲੋਕ ਸੰਪਰਕ, ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ‘ਆਪ’ ਸਰਕਾਰ ਸੂਬੇ ਵਿੱਚ ਗੈਂਗਸਟਰਾਂ, ਨਸ਼ਾਂ ਤਸਕਰਾਂ ਤੇ ਰੇਤ ਮਾਫੀਆ ਨੂੰ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਣਾਈ ਗਈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪਿਛਲੇ ਇੱਕ ਮਹੀਨੇ ਦੌਰਾਨ 90 ਤੋਂ ਵੱਧ ਗੈਂਗਸਟਰਾਂ ਨੂੰ ਕਾਬੂ ਜਾਂ ਖਤਮ ਕੀਤਾ ਹੈ। 


ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਗੈਂਗਸਟਰਾਂ ਤੇ ਡਰੱਗ ਮਾਫੀਆ ਦੀ ਪੁਸ਼ਤਪਨਾਹੀ ਕਰਦੀਆਂ ਆਈਆਂ ਹਨ ਪਰ ‘ਆਪ’ ਸਰਕਾਰ ਮਾੜੇ ਅਨਸਰਾਂ ਦਾ ਸਫ਼ਾਇਆ ਕਰਕੇ ਰਹੇਗੀ। ਉਨ੍ਹਾਂ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਜਲਦੀ ਅਪਰਾਧ ਦਾ ਤਿਆਗ ਦੇਣ, ਨਹੀਂ ਤਾਂ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।