ਸ਼੍ਰੋਮਣੀ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਵੱਲੋਂ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ। ਪਾਰਟੀ ਵੱਲੋਂ ਤਰਕ ਦਿੱਤਾ ਗਿਆ ਹੈ ਕਿ ਢੀਂਡਸਾ ਵੱਲੋਂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਦਿਖਾਇਆ ਗਿਆ ਹੈ।
ਜ਼ਿਕਰ ਕਰ ਦਈਏ ਕਿ ਬੀਤੇ ਦਿਨਾਂ ਵਿੱਚ ਬਾਗ਼ੀ ਅਕਾਲੀ ਆਗੂਆਂ ਵੱਜੋਂ ਸਾਹਮਣੇ ਆਏ ਕਈ ਸੀਨੀਅਰ ਸਿਆਸੀ ਆਗੂਆਂ ਜਿਨ੍ਹਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਸ਼ਾਮਲ ਹਨ, ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 7 ਵਿਧਾਨ ਸਭਾ ਹਲਕਿਆਂ ਦੇ ਮੌਜ਼ੂਦਾ ਹਲਕਾ ਇੰਚਾਰਜ ਵੀ ਹਟਾਏ ਗਏ ਹਨ।
ਦੱਸ ਦਈਏ ਕਿ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ 8 ਅਕਾਲੀ ਆਗੂਆਂ ਨੂੰ ਪਾਰਟੀ ’ਚੋਂ ਕੱਢਣ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਹੈ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਸੰਵਿਧਾਨ ਦੇ ਖਿਲਾਫ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਹਾਲੇ ਵੀ ਸਾਰੇ ਮੈਂਬਰ ਕਾਇਮ ਹਨ।
ਸੁਖਦੇਵ ਢੀਂਡਸਾ ਨੇ ਕਿਹਾ ਸੀ ਕਿ ਸਾਰਾ ਕੁਝ ਸੰਵਿਧਾਨ ਦੇ ਖਿਲਾਫ ਹੋ ਰਿਹਾ ਹੈ। ਸੁਖਬੀਰ ਬਾਦਲ ਨੂੰ ਕੋਈ ਹੱਕ ਨਹੀਂ ਕਿ ਕਿਸੇ ਨੂੰ ਪਾਰਟੀ ਵਿੱਚੋਂ ਕੱਢ ਸਕੇ। ਅਸੀਂ ਅਨੁਸ਼ਾਸਨ ਕਮੇਟੀ ਦਾ ਫ਼ੈਸਲਾ ਰੱਦ ਕਰਦੇ ਹਾਂ। ਜਲਦ ਸੈਸ਼ਨ ਬੁਲਾ ਕੇ ਅਗਲੀ ਕਮੇਟੀ ਬਣਾਵਾਂਗੇ। ਸੁਖਬੀਰ ਹੁਣ ਪ੍ਰਧਾਨਗੀ ਦੇ ਲਾਇਕ ਨਹੀਂ ਰਿਹਾ। ਕੋਈ ਵੀ ਸੁਖਬੀਰ ਬਾਦਲ ਨੂੰ ਪਸੰਦ ਨਹੀਂ ਕਰਦਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੁਝ ਲੀਡਰਾਂ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਰੱਦ ਕਰਦੇ ਹਾਂ। ਅੱਠ ਮੈਂਬਰ ਪਾਰਟੀ 'ਚ ਕਾਇਮ ਹਨ। ਅਨੁਸ਼ਾਸਨੀ ਕਮੇਟੀ ਦਾ ਫੈਸਲਾ ਗ਼ੈਰ ਸੰਵਿਧਾਨਕ ਹੈ।
ਇਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਵਾਈ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। ਪਾਰਟੀ ਦਾ ਤਰਕ ਹੈ ਕਿ ਸੁਖਦੇਵ ਸਿੰਘ ਢੀਂਡਸਾ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ।