Amritpal Singh: ਸ਼੍ਰੋਮਣੀ ਕਮੇਟੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਕਾਨੂੰਨੀ ਸਹਾਇਤਾ ਦੇਵੇਗੀ। ਇਸ ਲਈ ਸ਼੍ਰੋਮਣੀ ਕਮੇਟੀ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਕਾਨੂੰਨੀ ਮਾਹਿਰਾਂ ਦੀ ਟੀਮ ਦੇ ਮੁਖੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਲੋੜੀਂਦੀ ਇਜਾਜ਼ਤ ਲੈਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੋਰ ਸਿੱਖਾਂ ਦੇ ਰਿਸ਼ਤੇਦਾਰਾਂ ਲਈ ਵੀ ਮੁਲਾਕਾਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੇਲ੍ਹ ਦੇ ਨਿਯਮਾਂ ਮੁਤਾਬਕ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਵੀਰਵਾਰ ਨੂੰ ਹੀ ਮਿਲ ਸਕਦੇ ਹਨ। ਇਸ ਲਈ ਪਰਿਵਾਰਾਂ ਦਾ ਪਹਿਲਾ ਜਥਾ ਤੈਅ ਦਿਨ ਹਵਾਈ ਜਹਾਜ਼ ਰਾਹੀਂ ਡਿਬਰੂਗੜ੍ਹ ਜਾਵੇਗਾ।
‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੀ ਜਥੇਬੰਦੀ ਖ਼ਿਲਾਫ਼ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਮੇਤ 10 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਖ਼ਿਲਾਫ਼ ਨੈਸ਼ਨਲ ਸਕਿਓਰਿਟੀ ਐਕਟ (ਐਨਐਸਏ) ਤਹਿਤ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਉੱਚ ਸੁਰੱਖਿਆ ਵਾਲੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਮੁੱਖ ਤੌਰ ’ਤੇ ਦਰਜ ਹੋਈਆਂ ਤਿੰਨ ਐਫਆਈਆਰ ਨੂੰ ਐਨਐਸਏ ਤਹਿਤ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਦੀ ਹਿਰਾਸਤ ਨੂੰ ਸਾਬਤ ਕਰਨ ਲਈ ਆਧਾਰ ਬਣਾਇਆ ਗਿਆ ਹੈ।
ਦੱਸ ਦਈਏ ਕਿ 23 ਫਰਵਰੀ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਅਜਨਾਲਾ ਥਾਣੇ ਵਿੱਚ ਕੀਤੀ ਹਿੰਸਕ ਘਟਨਾ ਤੋਂ ਇੱਕ ਦਿਨ ਪਹਿਲਾਂ ਉਸ ਦੇ ਭਾਰਤ ਵਿਰੋਧੀ ਭਾਸ਼ਣ ਤੇ ਮੀਡੀਆ ਨੂੰ ਦਿੱਤੇ ਬਿਆਨ ਦੇ ਆਧਾਰ ’ਤੇ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਆਈਪੀਸੀ ਦੀ ਧਾਰਾ 153 ਏ ਤੇ 153 ਬੀ ਲਾਈ ਗਈ ਸੀ। ਇਸੇ ਤਰ੍ਹਾਂ ਆਈਪੀਸੀ ਦੀ ਧਾਰਾ 153-ਏ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਅਧੀਨ ਪੈਂਦੇ ਥਾਣਾ ਬੀ ਡਿਵੀਜ਼ਨ ’ਚ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦਾ ਆਧਾਰ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਮੀਡੀਆ ਨੂੰ ਦਿੱਤਾ ਗਿਆ, ਉਸ ਦਾ ਬਿਆਨ ਸੀ।