ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਵੱਲੋਂ ਤੀਜ਼ੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਕੱਲ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਹੋਏ ਕਤਲ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਤੀਜੇ ਮੁਲਜਮ ਤਰੁਣਦੀਪ ਸਿੰਘ ਨੂੰ ਵੀ ਅੱਜ ਗ੍ਰਿਫਤਾਰ ਕਰ ਲਿਆ ਹੈ। ਤੀਜੇ ਮੁਲਜ਼ਮ ਦੀ ਸ਼ਨਾਖਤ ਤਰੁਣਦੀਪ ਸਿੰਘ ਵਜੋਂ ਹੋਈ ਹੈ, ਜਿਸ ਨੂੰ ਅੱਜ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਨੇ ਬਾਅਦ ਦੁਪਹਿਰ ਗ੍ਰਿਫਤਾਰ ਕੀਤਾ ਹੈ। 


 

ਇਸ ਤੋਂ ਪਹਿਲਾਂ ਬੀਤੇ ਕੱਲ ਹੀ ਪੁਲਿਸ ਨੇ 2 ਮੁਲਜਮਾਂ ਰਮਨਦੀਪ ਸਿੰਘ ਤੇ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਤੀਜੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਨੇ ਚਰਨਜੀਤ ਤੇ ਰਮਨਦੀਪ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ, ਜਿਥੇ ਪੁਲਿਸ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਦੌਰਾਨ ਕਤਲ ਲਈ ਵਰਤੇ ਤੇਜ਼ਧਾਰ ਹਥਿਆਰ ਬਰਾਮਦ ਕਰੇਗੀ ਤੇ ਕਤਲ ਦੀ ਵਜੋਂ ਜਾਨਣ ਬਾਬਤ ਮੁਲਜਮਾਂ ਕੋਲੋਂ ਪੁੱਛਗਿੱਛ ਹੋਵੇਗੀ।

 

 ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ,ਉਸ ‘ਤੇ ਇਲਜ਼ਾਮ ਲਾਏ ਗਏ ਸਨ ਕਿ ਉਸ ਵੱਲੋਂ ਕਿਸੇ ਨਸ਼ੇ ਦਾ ਸੇਵਨ ਕੀਤਾ ਗਿਆ ਸੀ। ਬੀਤੀ ਰਾਤ ਦਰਬਾਰ ਸਾਹਿਬ ਦੇ ਨਜ਼ਦੀਕ ਕੁਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। 

 

ਦੱਸ ਦੇਈਏ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇਕ ਨੌਜਵਾਨ ਦਾ ਦੋ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਨੌਜਵਾਨ ਅਤੇ ਨਿਹੰਗ ਸਿੰਘ ਵਿਚਾਲੇ ਬਹਿਸ ਹੋਈ। ਬਹਿਸ ਇੰਨੀ ਵਧ ਗਈ ਕਿ ਦੋਵੇਂ ਨਿਹੰਗ ਸਿੰਘਾਂ ਨੇ ਨੌਜਵਾਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸਦੇ ਚੱਲਦੇ ਬਾਅਦ ‘ਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਮਨਜੀਤ ਸਿੰਘ ਵਾਸੀ ਪਿੰਡ ਚਾਟੀਵਿੰਡ ਵਜੋਂ ਹੋਈ ਹੈ। 

 

ਇਸ ਸੰਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਹਰਮਨਜੀਤ ਨੂੰ ਫੋਨ ਕਰਕੇ ਕਿਸੇ ਵਿਅਕਤੀ ਵੱਲੋਂ ਬੁਲਾਇਆ ਗਿਆ ਸੀ ਅਤੇ ਜਦੋਂ ਰਾਤ ਉਹ ਘਰ ਨਾ ਆਇਆ ਤਾਂ ਸਵੇਰੇ ਉਨ੍ਹਾਂ ਵੱਲੋਂ ਹਰਮਨਜੀਤ ਨੂੰ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਹਰਮਨਜੀਤ ਸਿੰਘ ਦਾ ਕਿਸੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਹੈ |