Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਤੇ ਹਰ ਲੰਘਦੇ ਦਿਨ ਨਾਲ ਨਵੇਂ ਖ਼ੁਲਾਸੇ ਹੋ ਰਹੇ ਹਨ। ਸੂਤਰਾਂ ਮੁਤਾਬਕ, ਸ਼ੂਟਰ ਪਾਕਿਸਤਾਨ ਤੋਂ ਤਸਕਰੀ ਕੀਤੇ ਹਥਿਆਰ ਲੈ ਕੇ ਅਯੁੱਧਿਆ ਪਹੁੰਚੇ ਸੀ। ਹਥਿਆਰਾਂ ਨਾਲ ਲੈਸ ਬਿਸ਼ਨੋਈ ਗੈਂਗ ਦੇ ਸ਼ੂਟਰ ਕਈ ਦਿਨਾਂ ਤੱਕ ਅਯੁੱਧਿਆ ਵਿੱਚ ਰਹੇ ਅਤੇ ਇੱਥੇ ਇੱਕ ਸਥਾਨਕ ਨੇਤਾ ਦੇ ਫਾਰਮ ਹਾਊਸ 'ਤੇ ਕਈ ਦਿਨਾਂ ਤੱਕ ਗੋਲੀਬਾਰੀ ਦਾ ਅਭਿਆਸ ਕੀਤਾ। ਪਹਿਲਾਂ ਇੱਥੇ ਇੱਕ ਨਾਮੀ ਵਿਅਕਤੀ ਨੂੰ ਮਾਰਨ ਦੀ ਸਾਜ਼ਿਸ਼ ਸੀ ਜੋ ਨਕਾਮ ਰਹੀ, ਇਸ ਤੋਂ ਬਾਅਦ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ।
ਸੂਤਰਾਂ ਮੁਤਾਬਕ, ਹੁਣ ਖੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਉੱਤਰ ਪ੍ਰਦੇਸ਼ 'ਚ ਬੈਠ ਕੇ ਰਚੀ ਗਈ ਸੀ। ਅਯੁੱਧਿਆ ਵਿੱਚ ਟ੍ਰੇਨਿੰਗ ਹੋਈ ਸੀ ਅਤੇ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਕੁਝ ਦਿਨ ਪਹਿਲਾਂ ਦੀਆਂ ਹਨ, ਸਿੱਧੂ ਕਤਲ ਕਾਂਡ ਦੀ ਸਾਜਿਸ਼ ਰਚਣ ਵਾਲਾ ਅਤੇ ਹਾਲ ਹੀ 'ਚ ਅਜ਼ਰਬਾਈਜਾਨ ਤੋਂ ਡਿਪੋਰਟ ਹੋਇਆ ਸਚਿਨ ਥਾਪਨ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ।
ਸਚਿਨ ਦੇ ਨਾਲ-ਨਾਲ ਬਿਸ਼ਨੋਈ ਗੈਂਗ ਦੇ ਸਾਰੇ ਸ਼ੂਟਰ, ਜਿਨ੍ਹਾਂ 'ਚੋਂ ਕਈਆਂ ਨੇ ਸਿੱਧੂ 'ਤੇ ਗੋਲੀਆਂ ਚਲਾਈਆਂ, ਉਹ ਅਯੁੱਧਿਆ ਅਤੇ ਲਖਨਊ 'ਚ ਘੁੰਮਦੇ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਬਿਸ਼ਨੋਈ ਗੈਂਗ ਵੱਲੋਂ ਉੱਤਰ ਪ੍ਰਦੇਸ਼ ਦੇ ਇੱਕ ਨਾਮੀ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਸੀ, ਪਰ ਇਹ ਯੋਜਨਾ ਅਸਫਲ ਰਹੀ, ਜਿਸ ਤੋਂ ਬਾਅਦ ਸਿੱਧੂ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ।
ਇਹ ਤਸਵੀਰਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਠੀਕ ਪਹਿਲਾਂ ਦੀਆਂ ਹਨ। ਤਸਵੀਰਾਂ ਵਿਚ ਤੁਸੀਂ ਵਿਦੇਸ਼ੀ ਹਥਿਆਰਾਂ ਦਾ ਭੰਡਾਰ ਦੇਖ ਸਕਦੇ ਹੋ।
ਤਸਵੀਰਾਂ 'ਚ ਦਿਖਾਈ ਦੇ ਰਹੇ ਇਨ੍ਹਾਂ ਹਥਿਆਰਾਂ ਨਾਲ ਸਿੱਧੂ ਮੂਸੇਵਾਲੇ 'ਤੇ 100 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਤਸਵੀਰ ਵਿੱਚ ਬਿਸ਼ਨੋਈ ਗੈਂਗ ਦੇ ਸ਼ੂਟਰ ਸਚਿਨ ਭਿਵਾਨੀ, ਕਪਿਲ ਪੰਡਿਤ ਹਥਿਆਰਾਂ ਸਮੇਤ ਨਜ਼ਰ ਆ ਰਹੇ ਹਨ।
ਸੂਤਰਾਂ ਮੁਤਾਬਕ ਸਚਿਨ ਬਿਸ਼ਨੋਈ, ਜੋ ਕਿ ਲਾਰੈਂਸ ਬਿਸ਼ਨੋਈ ਦਾ ਸਭ ਤੋਂ ਨਜ਼ਦੀਕੀ ਹੈ ਉਸ ਨੇ ਗਰੋਹ ਦੇ ਬਾਕੀ ਮੈਂਬਰਾਂ ਨੂੰ ਅਯੁੱਧਿਆ ਸਮੇਤ ਲਖਨਊ ਦੇ ਵੱਖ-ਵੱਖ ਇਲਾਕਿਆਂ 'ਚ ਕਈ ਦਿਨਾਂ ਤੋਂ ਲੁਕਾ ਰਿਹਾ ਸੀ।
ਜਾਂਚ ਏਜੰਸੀਆਂ ਨੇ ਹੁਣ ਉੱਤਰ ਪ੍ਰਦੇਸ਼ 'ਚ ਮੌਜੂਦ ਬਿਸ਼ਨੋਈ ਗੈਂਗ ਦੇ ਮਦਦਗਾਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ ਅਜ਼ਰਬਾਈਜਾਨ ਤੋਂ ਫੜੇ ਗਏ ਸਚਿਨ ਥਾਪਨ ਨੂੰ ਲੈ ਕੇ ਦਿੱਲੀ ਪੁਲਿਸ ਜਲਦੀ ਹੀ ਅਯੁੱਧਿਆ ਜਾਵੇਗੀ।