ਚੰਡੀਗੜ੍ਹ : ਪੰਜਾਬ 'ਚ ਪੁਰਾਣੇ ਵਾਹਨਾਂ ਦੇ ਫਿਟਨੈਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦੇ ਕੰਮ ਦੇ ਦਿਨੋ-ਦਿਨ ਵਧ ਰਹੇ ਬੋਝ ਨੂੰ ਘਟਾਉਂਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਸਾਰੀਆਂ 11 ਆਸਾਮੀਆਂ 'ਤੇ ਮੋਟਰ ਵਾਹਨ ਇੰਸਪੈਕਟਰਾਂ (ਐਮ.ਵੀ.ਆਈ.) ਦੀ ਤੈਨਾਤੀ ਕਰ ਦਿੱਤੀ ਹੈ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 11 ਆਰ.ਟੀ.ਏਜ਼. ਅਧੀਨ ਸਿਰਫ਼ 4 ਐਮ.ਵੀ.ਆਈ. ਪੁਰਾਣੇ ਵਾਹਨਾਂ ਨੂੰ ਫ਼ਿਟਨੈੱਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦਾ ਕੰਮ ਸਾਂਭ ਰਹੇ ਸਨ ਜਿਸ ਕਾਰਨ ਆਰ.ਟੀ.ਏ. ਦਫ਼ਤਰਾਂ ਵਿੱਚ ਕੰਮ ਦੀ ਚਾਲ ਸੁਸਤ ਹੋਣ ਕਰਕੇ ਫ਼ਾਈਲਾਂ ਦੇ ਢੇਰ ਲੱਗੇ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ।

ਇਸ ਲਈ ਕੰਮ ਦੇ ਬੋਝ ਨੂੰ ਘਟਾਉਣ ਅਤੇ ਹੋਰ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵਿੱਚ ਅੰਦਰੂਨੀ ਪ੍ਰਬੰਧ ਕਰਦਿਆਂ ਪੰਜਾਬ ਰੋਡਵੇਜ਼ ਤੋਂ ਸਟਾਫ਼ ਲੈ ਕੇ ਐਮ.ਵੀ.ਆਈ. ਦੀਆਂ ਸਾਰੀਆਂ ਆਸਾਮੀਆਂ 'ਤੇ ਅਧਿਕਾਰੀ ਤੈਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ 11 ਆਰ.ਟੀ.ਏਜ਼. ਦਫ਼ਤਰਾਂ ਅਧੀਨ 11 ਐਮ.ਵੀ.ਆਈ. ਕੰਮ ਕਰਨਗੇ ਅਤੇ ਇਨ੍ਹਾਂ ਆਸਾਮੀਆਂ 'ਤੇ ਵਿਭਾਗ ਦੇ ਮਿਹਨਤਕਸ਼ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਦੀ ਤੁਰੰਤ ਡਿਲੀਵਰੀ ਮਿਲ ਸਕੇਗੀ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲਾਂ ਤੈਨਾਤ ਅਧਿਕਾਰੀਆਂ ਤੋਂ ਇਲਾਵਾ ਹੁਣ ਐਮ.ਵੀ.ਆਈ. ਪ੍ਰੀਤਇੰਦਰ ਅਰੋੜਾ ਜ਼ਿਲ੍ਹਾ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ ਅਤੇ ਮਾਨਸਾ ਦਾ ਕੰਮ ਵੇਖਣਗੇ ਜਦਕਿ ਐਮ.ਵੀ.ਆਈ. ਸੁਖਵਿੰਦਰ ਸਿੰਘ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ, ਐਮ.ਵੀ.ਆਈ. ਮੈਰਿਕ ਗਰਗ ਜ਼ਿਲ੍ਹਾ ਲੁਧਿਆਣਾ, ਐਮ.ਵੀ.ਆਈ. ਗੁਰਿੰਦਰ ਸਿੰਘ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ, ਐਮ.ਵੀ.ਆਈ. ਲੀਲਾ ਸਿੰਘ ਜ਼ਿਲ੍ਹਾ ਗੁਰਦਾਸਪੁਰ, ਐਮ.ਵੀ.ਆਈ. ਮਧੂ ਪੁਸ਼ਪ ਜ਼ਿਲ੍ਹਾ ਪਠਾਨਕੋਟ, ਐਮ.ਵੀ.ਆਈ. ਨਵਦੀਪ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨ ਤਾਰਨ ਅਤੇ ਐਮ.ਵੀ.ਆਈ. ਜਸਪ੍ਰੀਤ ਸਿੰਘ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦਾ ਕੰਮ ਵੇਖਣਗੇ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਸਿਫ਼ਰ ਸਹਿਣਸ਼ੀਲਤਾ 'ਤੇ ਜ਼ੋਰ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਗਏ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਮੁੜ ਸੁਚੇਤ ਕੀਤਾ ਕਿ ਉਹ ਈਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਣ।