Punjab News: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਰਸਡੀਜ਼ ਕਾਰ 'ਤੇ ਸਵਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਲੋਕ ਸੋਸ਼ਲ ਮੀਡੀਆ 'ਤੇ ਤਸਵੀਰ ਵਾਇਰਲ ਕਰਕੇ ਦਾਅਵਾ ਕਰ ਰਹੇ ਹਨ ਕਿ ਇਹ ਹਰਿਆਣਾ ਨੰਬਰ ਦੀ ਕਾਰ ਭਾਜਪਾ ਸਮਰਥਕ ਵਪਾਰੀ ਦੀ ਹੈ। ਇਸ ਕਰਕੇ ਕੁਝ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਏਜੰਟ ਤੱਕ ਕਹਿ ਰਹੇ ਹਨ। ਹੁਣ ਇਸ ਕਾਰ ਦੀ ਅਸਲੀਅਤ ਸਾਹਮਣੇ ਆਈ ਹੈ।
ਭਾਈ ਅੰਮ੍ਰਿਤਪਾਲ ਸਿੰਘ ਜਿਸ ਮਰਸਡੀਜ਼ ਕਾਰ ਨੰਬਰ HR72E1818 ਉਪਰ ਸਵਾਰ ਹਨ, ਉਹ ਹਰਿਆਣਾ ਤੋਂ ਖਰੀਦੀ ਗਈ ਹੈ। ਟਰਾਂਸਫਰ ਲਈ ਕਾਰ ਦਾ NOC ਇਸ ਸਾਲ 17 ਜਨਵਰੀ 2023 ਨੂੰ ਜਾਰੀ ਕੀਤਾ ਗਿਆ ਸੀ। ਇਸ ਕਾਰ ਦੇ ਨੰਬਰ ਹਰਿਆਣਾ ਦਾ ਹੋਣ ਕਰਕੇ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸੰਗਤ ਨੇ ਇਹ ਕਾਰ ਉਨ੍ਹਾਂ ਨੂੰ ਦਿੱਤੀ ਹੈ।
ਉਧਰ, ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦਾ ਬਿਆਨ ਵੀ ਵਾਇਰਲ ਹੋਇਆ ਹੈ। ਉਨ੍ਹਾਂ ਨੇ ਸਪੱਸ਼ਟ ਕਿਹਾ ਹੈ ਕਿ ਇਹ ਕਾਰ ਨਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਹੈ ਤੇ ਨਾ ਹੀ ਇਹ ਸੰਸਥਾ ਦੇ ਨਾਂ 'ਤੇ ਰਜਿਸਟਰਡ ਹੈ। ਇਹ ਪਿੰਡ ਭੂਰਾ ਦੇ ਵਸਨੀਕ ਰਣਧੀਰ ਸਿੰਘ ਧੀਰਾ ਦੀ ਹੈ, ਜੋ ਖ਼ੁਦ ਵਿਦੇਸ਼ ਵਿੱਚ ਸੈਟਲ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਇਹ ਕਾਰ ਖਰੀਦ ਕੇ ਉਨ੍ਹਾਂ ਨੂੰ ਚਲਾਉਣ ਲਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਗੱਡੀ ਨੂੰ ਆਪਣੇ ਭਰਾ ਦੇ ਨਾਂ 'ਤੇ ਟਰਾਂਸਫਰ ਕਰਵਾਉਣਾ ਚਾਹੁੰਦਾ ਸੀ ਪਰ ਕਿਸੇ ਕਾਰਨ ਉਹ ਅਜੇ ਤੱਕ ਇਸ ਨੂੰ ਟਰਾਂਸਫਰ ਨਹੀਂ ਕਰਵਾ ਸਕੇ।
ਸੂਤਰਾਂ ਮੁਤਾਬਕ ਇਹ ਕਾਰ ਹਰਿਆਣਾ ਦੇ ਇੱਕ ਵਪਾਰੀ ਪ੍ਰੇਮ ਨਾਥ ਮਿਹਾਨੀ ਦੇ ਨਾਂ 'ਤੇ ਰਜਿਸਟਰਡ ਹੈ। ਪ੍ਰੇਮ ਨਾਥ ਵਪਾਰੀ ਹੋਣ ਦੇ ਨਾਲ-ਨਾਲ ਭਾਜਪਾ ਦਾ ਸਮਰਥਕ ਵੀ ਹੈ। ਖਾਸ ਗੱਲ਼ ਹੈ ਕਿ ਲੋਕਾਂ ਨੇ ਹਰਿਆਣਾ ਵਿੱਚ ਰਜਿਸਟ੍ਰੇਸ਼ਨ ਦਾ ਵੇਰਵਾ ਤਾਂ ਦੇਖਿਆ, ਪਰ ਉਸ ਦੇ ਹੇਠਾਂ ਕਾਰ ਬਾਰੇ ਹਰਿਆਣਾ ਵੱਲੋਂ ਜਾਰੀ ਐਨਓਸੀ ਵੱਲ ਧਿਆਨ ਨਹੀਂ ਦਿੱਤਾ। ਦਰਅਸਲ ਟਰਾਂਸਫਰ ਲਈ ਕਾਰ ਦਾ NOC ਇਸ ਸਾਲ 17 ਜਨਵਰੀ 2023 ਨੂੰ ਜਾਰੀ ਕੀਤਾ ਗਿਆ ਸੀ। ਸਪਸ਼ਟ ਹੈ ਕਿ ਇਹ ਕਾਰ ਖਰੀਦ ਕੇ ਪੰਜਾਬ ਲਿਆਂਦੀ ਗਈ ਹੈ।