Punjab News: ਭ੍ਰਿਸ਼ਟਾਚਾਰ ਦੇ ਮੁੱਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਅਲਟੀਮੇਟਮ ਅੱਜ ਖਤਮ ਹੋ ਗਿਆ ਹੈ। ਹੁਣ ਸੀਐਮ ਭਗਵੰਤ ਮਾਨ ਇਸ ਬਾਰੇ ਵੱਡਾ ਖੁਲਾਸਾ ਕਰ ਸਕਦੇ ਹਨ। ਖਿਡਾਰੀ ਤੋਂ ਨੌਕਰੀ ਲਈ ਪੈਸੇ ਮੰਗਣ ਦੇ ਇਲਜ਼ਾਮ ਲਾਉਣ ਮਗਰੋਂ ਸੀਐਮ ਮਾਨ ਨੇ ਕਿਹਾ ਸੀ ਕਿ ਜੇਕਰ ਚੰਨੀ ਨੇ ਖੁਦ ਅਸਲੀਅਤ ਨਾ ਦੱਸੀ ਤਾਂ ਉਹ ਖੁਦ ਖਿਡਾਰੀ ਨੂੰ ਲੈ ਕੇ ਜਨਤਾ ਸਾਹਮਣੇ ਸੱਚਾਈ ਰੱਖ ਦੇਣਗੇ।


ਦਰਅਸਲ ਸੀਐਮ ਮਾਨ ਨੇ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਜਾਂ ਤਾਂ ਉਹ ਖੁਦ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਸਾਰੀ ਸੱਚਾਈ ਦੱਸ ਦੇਣ, ਨਹੀਂ ਤਾਂ ਉਹ 31 ਮਈ ਨੂੰ ਦੁਪਹਿਰ 2 ਵਜੇ ਕਾਨਫਰੰਸ ਕਰਕੇ ਉਸ ਖਿਡਾਰੀ ਨੂੰ ਸਾਹਮਣੇ ਲੈ ਕੇ ਆਉਣਗੇ, ਜਿਸ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ। ਹਾਲਾਂਕਿ, ਇਲਜ਼ਾਮ ਲੱਗਣ ਤੋਂ ਬਾਅਦ ਸਾਬਕਾ ਸੀਐਮ ਚੰਨੀ ਨੇ ਗੁਰੂਘਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅਰਦਾਸ ਕੀਤੀ ਤੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਮੰਗੇ।



ਦੱਸ ਦਈਏ ਕਿ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਾ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸੀ। ਸੀਐਮ ਮਾਨ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਹਫ਼ਤੇ ਉਹ ਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼ ਦੀ ਮਾਲਕ ਪ੍ਰਿਟੀ ਜ਼ਿੰਟਾ ਦੇ ਸੱਦੇ ’ਤੇ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ਵਿੱਚ ਕ੍ਰਿਕਟ ਮੈਚ ਦੇਖਣ ਗਏ ਸੀ। ਉੱਥੇ ਉਸ ਦੀ ਮੁਲਾਕਾਤ ਇੱਕ ਖਿਡਾਰੀ ਨਾਲ ਹੋਈ।


ਉਸ ਖਿਡਾਰੀ ਨੇ ਦੱਸਿਆ ਕਿ ਉਹ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਲਈ ਗਿਆ ਸੀ। ਕੈਪਟਨ ਨੇ ਉਸ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਤੇ ਚੰਨੀ ਮੁੱਖ ਮੰਤਰੀ ਬਣ ਗਏ। ਇਸ ਤੋਂ ਬਾਅਦ ਜਦੋਂ ਖਿਡਾਰੀ ਚੰਨੀ ਨੂੰ ਮਿਲਿਆ ਤਾਂ ਚੰਨੀ ਨੇ ਉਸ ਨੂੰ ਆਪਣੇ ਭਤੀਜੇ ਨੂੰ ਮਿਲਣ ਲਈ ਕਿਹਾ।



ਸੀਐਮ ਮਾਨ ਅਨੁਸਾਰ ਜਦੋਂ ਖਿਡਾਰੀ ਚੰਨੀ ਦੇ ਭਤੀਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਦੋ ਲੱਗਣਗੇ। ਖਿਡਾਰੀ ਨੇ ਸੋਚਿਆ ਕਿ ਸ਼ਾਇਦ ਉਹ ਦੋ ਲੱਖ ਰੁਪਏ ਕਹਿ ਰਿਹਾ ਹੈ। ਇਸ ਲਈ ਜਦੋਂ ਉਹ ਦੋ ਲੱਖ ਰੁਪਏ ਲੈ ਕੇ ਪਹੁੰਚਿਆ ਤਾਂ ਚੰਨੀ ਦੇ ਭਤੀਜੇ ਨੇ ਉਸ ਨੂੰ ਸਾਹਮਣੇ ਤੋਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗਾ ਕਿ ਉਸ ਨੇ ਜੋ 2 ਦਾ ਸੰਕੇਤ ਦਿੱਤਾ ਸੀ, ਉਸ ਦਾ ਮਤਲਬ 2 ਕਰੋੜ ਰੁਪਏ ਸੀ।