Manmohan Singh Died: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Manmohan Singh) ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਵੀਰਵਾਰ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਕਾਰਨ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੱਕ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।


ਤੁਹਾਨੂੰ ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਖਾਸ ਸਬੰਧ ਹੈ। ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵਾਂਗ ਮਨਮੋਹਨ ਸਿੰਘ ਨੇ ਵੀ ਦੇਸ਼ ਦੀ ਵੰਡ ਦਾ ਦਰਦ ਝੱਲਿਆ। ਉਹ ਵੀ ਆਪਣੇ ਪਰਿਵਾਰ ਸਮੇਤ ਸਰਹੱਦ ਪਾਰ ਕਰਕੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਆ ਕੇ ਵਸ ਗਏ।



ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਮ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ਦੇ ਗਾਹ ਪਿੰਡ ਵਿੱਚ ਹੋਇਆ ਸੀ, ਜੋ ਪਾਕਿਸਤਾਨ ਦਾ ਹਿੱਸਾ ਹੈ। 2004 ਵਿੱਚ ਜਦੋਂ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੀ ਆਪਣੇ ਦੇਸ਼ ਨਾਲੋਂ ਪਾਕਿਸਤਾਨ ਵਿੱਚ ਜ਼ਿਆਦਾ ਚਰਚਾ ਹੋਈ। 2007 ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਤਤਕਾਲੀ ਸਰਕਾਰ ਨੇ ਗਾਹ ਪਿੰਡ ਨੂੰ ਮਾਡਲ ਪਿੰਡ ਬਣਾਉਣ ਦਾ ਐਲਾਨ ਕੀਤਾ ਸੀ। ਇੱਥੇ ਹੀ ਬੱਸ ਨਹੀਂ ਅੱਜ ਵੀ ਗਾਹ ਪਿੰਡ ਵਿੱਚ ਲੜਕਿਆਂ ਦਾ ਸਰਕਾਰੀ ਸਕੂਲ ਹੈ, ਜਿਸ ਦਾ ਨਾਂਅ ਉਥੋਂ ਦੀ ਸਰਕਾਰ ਨੇ ਮਨਮੋਹਨ ਸਿੰਘ ਦੇ ਨਾਂ ’ਤੇ ਰੱਖਿਆ ਹੈ।


ਇਹ ਸਕੂਲ ‘ਮਨਮੋਹਨ ਸਿੰਘ ਸਰਕਾਰੀ ਲੜਕਿਆਂ ਦਾ ਸਕੂਲ’ ਵਜੋਂ ਜਾਣਿਆ ਜਾਂਦਾ ਹੈ। ਮਨਮੋਹਨ ਸਿੰਘ ਨੇ ਵੀ ਆਪਣੀ ਮੁੱਢਲੀ ਪੜ੍ਹਾਈ ਇਸੇ ਸਕੂਲ ਵਿੱਚ ਕੀਤੀ। ਗਾਹ ਪਿੰਡ ਦੇ ਲੋਕਾਂ ਨੇ ਮਨਮੋਹਨ ਸਿੰਘ ਨੂੰ ਇੱਕ ਵਾਰ ਇੱਥੇ ਆਉਣ ਦੀ ਬੇਨਤੀ ਕੀਤੀ ਸੀ। ਇੰਨਾ ਹੀ ਨਹੀਂ ਪਿੰਡ ਦਾ ਰਹਿਣ ਵਾਲਾ ਰਾਜਾ ਮੁਹੰਮਦ ਅਲੀ ਦੱਸਦਾ ਹੈ ਕਿ ਮਨਮੋਹਨ ਸਿੰਘ ਇੱਕ ਵਾਰ ਇੱਥੇ ਆਏ ਸਨ ਤੇਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।


ਉਸ ਦੇ ਸਹਿਪਾਠੀ ਰਾਜਾ ਮੁਹੰਮਦ ਅਲੀ ਨੇ ਦੱਸਿਆ ਸੀ ਕਿ ਉਹ ਤੇ ਮਨਮੋਹਨ ਸਿੰਘ ਪਹਿਲੀ ਤੋਂ ਚੌਥੀ ਜਮਾਤ ਤੱਕ ਇਕੱਠੇ ਪੜ੍ਹੇ ਸਨ। ਉਹ ਇਕੱਠੇ ਖੇਡਦੇ ਸਨ। ਇਸ ਤੋਂ ਬਾਅਦ ਮਨਮੋਹਨ ਸਿੰਘ ਚਕਵਾਲ ਕਸਬੇ ਵਿੱਚ ਪੜ੍ਹਨ ਲਈ ਚਲੇ ਗਏ। ਦੋਵੇਂ ਇੱਕ ਦੂਜੇ ਨੂੰ ਮਿਲਦੇ ਰਹੇ ਫਿਰ ਜਦੋਂ ਦੋ ਮੁਲਕਾਂ ਦੀ ਵੰਡ ਹੋਈ ਤਾਂ ਉਸ ਦਾ ਪਰਿਵਾਰ ਭਾਰਤ ਆ ਗਿਆ।



ਰਾਜਾ ਮੁਹੰਮਦ ਅਲੀ ਦਾ ਕਹਿਣਾ ਹੈ ਕਿ ਗਾਹ ਪਿੰਡ ਦੇ ਲੋਕ ਅੱਜ ਵੀ ਮਨਮੋਹਨ ਸਿੰਘ ਦਾ ਧੰਨਵਾਦ ਕਰਦੇ ਹਨ। ਮਨਮੋਹਨ ਸਿੰਘ ਦੀ ਬਦੌਲਤ ਹੀ ਅੱਜ ਗਾਹ ਪਿੰਡ ਇੱਕ ਆਦਰਸ਼ ਪਿੰਡ ਬਣ ਗਿਆ ਹੈ। ਮਨਮੋਹਨ ਸਿੰਘ ਦੀ ਬਦੌਲਤ ਹੀ ਅੱਜ ਉਨ੍ਹਾਂ ਦੇ ਪਿੰਡ ਵਿੱਚ ਦੋਹਰੀ ਸੜਕ ਅਤੇ ਸਟਰੀਟ ਲਾਈਟਾਂ ਹਨ। ਪਿੰਡ ਵਿੱਚ ਲੜਕਿਆਂ ਅਤੇ ਲੜਕੀਆਂ ਲਈ ਦੋ ਵੱਖਰੇ ਸਕੂਲ ਹਨ। ਦੋ ਹਸਪਤਾਲ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਮਸਜਿਦਾਂ ਤੋਂ ਲੈ ਕੇ ਘਰਾਂ ਤੱਕ ਹਰ ਚੀਜ਼ ਨੂੰ ਕੰਕਰੀਟ ਦਾ ਬਣਾਇਆ ਗਿਆ ਹੈ।