Punjab News: ਪੰਜਾਬ ਵਿੱਚ ਪਿਛਲੇ ਇੱਕ ਹਫਤੇ ਤੋਂ ਪੁਲਿਸ ਤੇ ਸਰਕਾਰ ਦਾ ਉਹ ਰਵੱਈਆ ਦੇਖਣ ਨੂੰ ਮਿਲ ਰਿਹਾ ਹੈ ਜੋ ਸ਼ਾਇਦ ਹੀ ਕਿਸੇ ਨੇ ਪਿਛਲੇ 3 ਸਾਲਾਂ ਤੋਂ ਦੇਖਿਆ ਹੋਵੇ। ਦਰਅਸਲ, ਆਮ ਆਦਮੀ ਪਾਰਟੀ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਤੇ ਪੰਜਾਬ ਦੇ ਲੀਡਰ ਇਸ ਨੂੰ ਭਗਵੰਤ ਮਾਨ ਦੀ ਵੱਡੀ ਕਾਰਵਾਈ ਕਹਿ ਰਹੇ ਹਨ ਪਰ ਦਿੱਲੀ ਦੇ ਲੀਡਰ ਇਸ ਨੂੰ ਅਰਵਿੰਦ ਕੇਜਰੀਵਾਲ ਦਾ ਨਸ਼ਿਆਂ ਖ਼ਿਲਾਫ਼ ਵੱਡਾ ਐਕਸ਼ਨ ਕਹਿ ਰਹੇ ਹਨ। ਇਨ੍ਹਾਂ ਗੱਲਾਂ ਨੇ ਮੁੜ ਉਨ੍ਹਾਂ ਚਰਚਾਵਾਂ ਨੂੰ ਹਵਾ ਦੇ ਦਿੱਤੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।

ਇਸ ਨੂੰ ਲੈ ਕੇ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਪੇਜ ਉੱਤ ਇੱਕ ਝਾਤ ਮਾਰੀ ਜਾਵੇ ਤਾਂ ਇਸ ਉੱਤੇ ਕਈ ਵਾਰ ਲਿਖਿਆ ਹੈ, CM ਮਾਨ ਵੱਲੋਂ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੀ ਜ਼ਮੀਨੀ ਪੱਧਰ 'ਤੇ ਜਾਂਚ ਨਿਰੰਤਰ ਜਾਰੀ ਹੈ। 

ਇਸ ਨੂੰ ਲੈ ਕੇ ਹਰਪਾਲ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਨੇ ਸੂਬੇ ਅੰਦਰ ਜੋ ਨਸ਼ਿਆਂ ਵਿਰੁੱਧ ਜੰਗ ਛੇੜੀ ਹੈ ਉਸੇ ਮੁਹਿੰਮ ਦੇ ਤਹਿਤ ਜ਼ਮੀਨੀ ਪੱਧਰ 'ਤੇ ਪਹੁੰਚ ਕਰਕੇ ਸਬੰਧਿਤ ਅਧਿਕਾਰੀਆਂ ਨੂੰ ਲਗਾਤਾਰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ, ਤਾਂ ਜੋ ਚੱਲ ਰਹੀ ਇਸ ਮੁਹਿੰਮ 'ਚ ਤੇਜ਼ੀ ਲਿਆਂਦੀ ਜਾਵੇ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਮੁਹਿੰਮ ਨਾਲ਼ ਜੋੜਿਆ ਜਾ ਸਕੇ ਅਤੇ ਸੂਬੇ 'ਚੋਂ ਨਸ਼ਿਆਂ ਰੂਪੀ ਕੋਹੜ ਜਲਦ ਤੋਂ ਜਲਦ ਖ਼ਤਮ ਕੀਤਾ ਜਾਵੇ।

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ  ਅਮਨ ਅਰੋੜਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸੂਬੇ ਅੰਦਰ ਜੋ ਨਸ਼ਿਆਂ ਵਿਰੁੱਧ ਜੰਗ ਛੇੜੀ ਹੈ ਉਸੇ ਮੁਹਿੰਮ ਦੇ ਤਹਿਤ ਮਹਿਜ ਪਿਛਲੇ ਚਾਰ ਦਿਨਾਂ ਦੇ ਅੰਦਰ ਹੀ ਵੱਡੀ ਤਦਾਦ ਦੇ ਵਿੱਚ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਇਸ ਨੂੰ ਹਰ ਘਰ ਤੋਂ ਸ਼ੁਰੂ ਕਰਕੇ ਇੱਕ ਸਮਾਜਿਕ ਲਹਿਰ ਵਜੋਂ ਅੱਗੇ ਵਧਾਏ ਜਾਣ ਦੀ ਲੋੜ ਹੈ। ਉਨ੍ਹਾਂ ਦ੍ਰਿੜ੍ਹਤਾ ਨਾਲ਼ ਕਿਹਾ ਕਿ ਜਦੋਂ ਤੱਕ ਨਸ਼ੇ ਰੂਪੀ ਅਲਾਮਤ ਦਾ ਜੜ੍ਹੋਂ ਖ਼ਾਤਮਾ ਨਹੀਂ ਹੁੰਦਾ, 'ਆਪ' ਸਰਕਾਰ, ਪੰਜਾਬ ਪੁਲਿਸ, ਪ੍ਰਸ਼ਾਸਨ ਅਤੇ ਸਾਡੀ ਸਮੁੱਚੀ ਪਾਰਟੀ ਚੈਨ ਨਾਲ਼ ਨਹੀਂ ਬੈਠਣਗੇ।

ਇਸ ਵਿੱਚ ਕੋਈ ਗ਼ਲਤ ਗੱਲ਼ ਵੀ ਨਹੀਂ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਸਰਕਾਰ ਦੇ ਵਿਧਾਇਕ ਤੇ ਮੰਤਰੀ ਸ਼ਲਾਘਾ ਕਰਦੇ ਹਨ। ਇਸ ਜਾਇਜ਼ ਵੀ ਹੈ ਕਿਉਂਕਿ ਜੋ ਕੁਝ ਵੀ ਹੁੰਦਾ ਹੈ ਉਸ ਉੱਤੇ ਆਖ਼ਰੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਦਾ ਹੁੰਦਾ ਹੈ ਪਰ ਇਸ ਮੌਕੇ ਅਰਵਿੰਦ ਕੇਜਰੀਵਾਲ ਦਾ ਨਾਂਅ ਆਉਣ ਨਾਲ ਵਿਰੋਧੀਆਂ ਨੂੰ ਸਵਾਲ ਚੁੱਕਣ ਦਾ ਮੁੱਦਾ ਮਿਲ ਜਾਂਦਾ ਹੈ।

ਜੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਉੱਤੇ ਨਜ਼ਰ ਮਾਰੀਏ ਤਾਂ ਉੱਥੇ ਲਿਖਿਆ ਮਿਲਦਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਕੇਜਰੀਵਾਲ ਦਾ ਮਹਾਯੁੱਧ,  ਕੇਜਰੀਵਾਲ ਦਾ ਵੱਡਾ ਪ੍ਰਹਾਰ, ਪੰਜਾਬ ਵਿੱਚ ਢਹਿ ਢੇਰੀ ਹੋਇਆ ਨਸ਼ੇ ਦਾ ਕਾਰੋਬਾਰ, ਕੇਜਰੀਵਾਲ ਦਾ ਨਸ਼ਿਆਂ ਦੇ ਵਿਰੁੱਧ ਯੁੱਧ, 

ਇਨ੍ਹਾਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਨੇ ਵਿਰੋਧੀਆਂ ਨੂੰ ਮੁੜ ਤੋਂ ਇਹ ਕਹਿਣ ਦਾ ਮੌਕਾ ਦੇ ਦਿੱਤਾ ਹੈ ਕਿ ਪੰਜਾਬ ਵਿੱਚ ਸਰਕਾਰ ਭਗਵੰਤ ਮਾਨ ਨਹੀਂ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ। ਇਸ ਵਿੱਚ ਉਦੋਂ ਜ਼ਿਆਦਾ ਚਰਚਾ ਹੋਈ ਜਦੋਂ ਪੰਜਾਬ ਵਿੱਚ ਹੋ ਰਹੀ ਇਸ ਕਾਰਵਾਈ ਦੌਰਾਨ ਕੇਜਰੀਵਾਲ ਵਿਪਾਸਨਾ ਲਈ ਪੰਜਾਬ ਆਏ ਹਨ ਤੇ ਉਨ੍ਹਾਂ ਦੇ ਨਾਲ ਗੱਡੀਆਂ ਦਾ ਕਾਫਲਾ ਤਾਂ ਹਰ ਕਿਸੇ ਨੇ ਦੇਖਿਆ ਹੀ ਹੋਵੇਗਾ, ਸ਼ਾਇਦ ਇਨ੍ਹਾਂ ਵੱਡਾ ਕਾਫਲਾ ਤਾਂ ਪੰਜਾਬ ਦੇ ਮੁੱਖ ਮੰਤਰੀ ਕੋਲ ਵੀ ਨਾ ਹੋਵੇ। 

 

ਮਨਜਿੰਦਰ ਸਿੰਘ ਸਿਰਸਾ ਨੇ ਕੀ ਕਿਹਾ ?

ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਵਿੰਦ ਕੇਜਰੀਵਾਲ ਕਿਸ ਹੈਸੀਅਤ ਵਿੱਚ ਪੰਜਾਬ ਬਾਰੇ ਅਧਿਕਾਰਤ ਐਲਾਨ ਕਰ ਰਹੇ ਹਨ ? ਉਹ ਨਾ ਤਾਂ ਸੂਬੇ ਵਿੱਚ ਵਿਧਾਇਕ ਹਨ ਅਤੇ ਨਾ ਹੀ ਮੰਤਰੀ। ਕੀ ਭਗਵੰਤ ਮਾਨ ਸਿਰਫ਼ ਇੱਕ ਰਬੜ-ਸਟੈਂਪ ਵਾਲਾ ਮੁੱਖ ਮੰਤਰੀ ਹੈ? ਅਸਲ ਵਿੱਚ ਪੰਜਾਬ ਕੌਣ ਚਲਾ ਰਿਹਾ ਹੈ... ਇੱਕ ਚੁਣੀ ਹੋਈ ਸਰਕਾਰ  ਜਾਂ ਦਿੱਲੀ ਤੋਂ ਕੇਜਰੀਵਾਲ? ਕਿ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਕੇਜਰੀਵਾਲ ਦਾ ਨਸ਼ਿਆਂ ਖ਼ਿਲਾਫ਼ ਵੱਡਾ ਹਮਲਾ, ਪਰ ਕੇਜਰੀਵਾਲ ਨਾ ਤਾਂ ਪੰਜਾਬ ਵਿੱਚ ਮੰਤਰੀ ਹਨ ਤੇ ਨਾ ਹੀ ਵਿਧਾਇਕ ਹਨ, ਫਿਰ ਉਹ ਕਿਸ ਹਿਸਾਬ ਨਾਲ ਨਸ਼ਿਆਂ ਨੂੰ ਖ਼ਤਮ ਕਰ ਰਹੇ ਹਨ।