Punjab Weather Today: ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਠੰਢ ਵਧਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ 18 ਤੋਂ 21 ਫਰਵਰੀ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਬਾਰਸ਼ ਤੇ ਗਰਜ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ। ਮੀਂਹ ਨਾਲ ਪਹਿਲਾਂ ਵਾਂਗ ਠੰਢ ਵਧ ਸਕਦੀ ਹੈ।


ਹਾਸਲ ਜਾਣਕਾਰੀ ਮੁਤਾਬਕ 17 ਫਰਵਰੀ ਤੋਂ ਨਵੇਂ ਵੈਸਟਰਨ ਡਿਸਟਰਬੈਂਸ ਦੇ ਆਉਣ ਨਾਲ ਸੂਬੇ 'ਚ ਮੌਸਮ ਦਾ ਪੈਟਰਨ ਫਿਰ ਤੋਂ ਬਦਲ ਜਾਵੇਗਾ। ਮੌਸਮ ਵਿਭਾਗ ਅਨੁਸਾਰ 18 ਫਰਵਰੀ ਤੋਂ ਮੌਸਮ ਬਦਲੇਗਾ। ਇਹ ਅਸਰ 21 ਫਰਵਰੀ ਤੱਕ ਰਹਿ ਸਕਦਾ ਹੈ। ਇਸ ਨਾਲ ਪੰਜਾਬ ਦੇ ਕਈ ਹਿੱਸਿਆਂ 'ਚ ਬਾਰਸ਼ ਹੋ ਸਕਦੀ ਹੈ।



ਮੌਸਮ ਵਿਭਾਗ ਅਨੁਸਾਰ 18 ਫਰਵਰੀ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋਵੇਗੀ, ਪਰ 19 ਤੋਂ 21 ਫਰਵਰੀ ਤੱਕ ਜ਼ਿਆਦਾਤਰ ਥਾਵਾਂ 'ਤੇ ਤੇਜ਼ ਹਵਾਵਾਂ ਨਾਲ ਬਾਰਸ਼ ਹੋਵੇਗੀ। ਖਾਸ ਤੌਰ 'ਤੇ 19 ਫਰਵਰੀ ਨੂੰ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਕੁਝ ਥਾਵਾਂ 'ਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ।


ਹਾਲਾਂਕਿ 16 ਤੇ 17 ਫਰਵਰੀ ਨੂੰ ਮੌਸਮ ਸਾਫ ਰਹੇਗਾ ਤੇ ਤਾਪਮਾਨ ਵਧੇਗਾ। ਪਿਛਲੇ ਦਿਨ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਰਿਹਾ ਤੇ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਇਆ। ਫਰੀਦਕੋਟ ਦਾ ਦਿਨ ਦਾ ਸਭ ਤੋਂ ਵੱਧ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਵਿੱਚ ਰਾਤ ਦਾ ਤਾਪਮਾਨ 4.4 ਡਿਗਰੀ ਸੈਲਸੀਅਸ (ਆਮ ਤੋਂ 4.4 ਡਿਗਰੀ ਘੱਟ) ਰਿਹਾ।



ਉਧਰ ਹਰਿਆਣਾ ਵਿੱਚ ਵੀ ਮੌਸਮ ਫਿਰ ਤੋਂ ਬਦਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ 18 ਤੋਂ 19 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਚੰਡੀਗੜ੍ਹ ਸਮੇਤ 5 ਤੋਂ ਵੱਧ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਖ਼ਰਾਬ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ।


ਮੌਸਮ ਵਿਭਾਗ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੌਰਾਨ ਤਾਪਮਾਨ ਵਿੱਚ ਇੱਕ ਵਾਰ ਫਿਰ ਗਿਰਾਵਟ ਆ ਸਕਦੀ ਹੈ। ਵੈਸਟਰਨ ਡਿਸਟਰਬੈਂਸ ਦੀ ਗਤੀਵਿਧੀ ਕਾਰਨ ਸ਼ੁੱਕਰਵਾਰ ਤੋਂ ਮੌਸਮ ਬਦਲਣ ਵਾਲਾ ਹੈ। ਮੌਸਮ ਮਾਹਿਰਾਂ ਨੇ ਕੱਲ੍ਹ ਰਾਤ ਤੋਂ ਚੰਡੀਗੜ੍ਹ ਸਮੇਤ ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਕੈਥਲ ਤੇ ਕਰਨਾਲ ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਪ੍ਰਗਟਾਈ ਹੈ।