Weather Update: ਇਸ ਵਾਰ ਮੌਸਮ ਅਜੀਬ ਰੰਗ ਵਿਖਾ ਰਿਹਾ ਹੈ। ਪਹਿਲਾਂ ਫਰਵਰੀ ਵਿੱਚ ਇੱਕਦਮ ਪਾਰਾ ਚੜ੍ਹਿਆ ਤੇ ਫਿਰ ਮਾਰਚ ਵਿੱਚ ਮੁੜ ਕੰਬਣੀ ਛੇੜ ਦਿੱਤੀ। ਹੁਣ ਅਪਰੈਲ ਵਿੱਚ ਵੀ ਤਾਪਮਾਨ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ। ਲੁਧਿਆਣਾ ਦਾ ਤਾਪਮਾਨ ਪਿਛਲੇ ਸਾਲ ਨਾਲੋਂ ਦੋ-ਢਾਈ ਡਿਗਰੀ ਸੈਲਸੀਅਸ ਹੇਠਾਂ ਚੱਲ ਰਿਹਾ ਹੈ। ਇਸ ਵੇਲੇ ਸ਼ਹਿਰ ਦਾ ਤਾਪਮਾਨ 37 ਡਿਗਰੀ ਦੇ ਕਰੀਬ ਹੈ ਜੋ ਪਿਛਲੇ ਸਾਲ 40 ਡਿਗਰੀ ਦੇ ਕਰੀਬ ਸੀ।



ਮੌਸਮ ਮਾਹਿਰਾਂ ਮੁਤਾਬਕ ਅਪਰੈਲ ਦੇ ਸ਼ੁਰੂਆਤੀ ਦਿਨਾਂ ਵਿੱਚ ਗਰਮੀ ਵਧਣ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਇਸ ਮਹੀਨੇ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਮੇਂ ਤਾਪਮਾਨ 37 ਡਿਗਰੀ ਤੋਂ ਉਪਰ ਮਾਪਿਆ ਗਿਆ ਹੈ। ਮੌਮਸ ਵਿਭਾਗ ਦੇ ਰਿਕਾਰਡ ਅਨੁਸਾਰ ਲੁਧਿਆਣਾ ’ਚ ਜ਼ਿਆਦਾਤਰ ਤਾਪਮਾਨ ਮੰਗਲਵਾਰ ਨੂੰ 37.9 ਡਿਗਰੀ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ ਦੋ ਡਿਗਰੀ ਜ਼ਿਆਦਾ ਹੈ, ਪਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਨ੍ਹਾਂ ਦਿਨਾਂ ਵਿੱਚ ਪਾਰਾ 40 ਡਿਗਰੀ ਤੱਕ ਚਲਾ ਗਿਆ ਸੀ।


ਹਾਸਲ ਜਾਣਕਾਰੀ ਮੁਤਾਬਕ ਇੱਕ ਹਫ਼ਤੇ ਦੌਰਾਨ ਹੀ ਸ਼ਹਿਰ ਵਿੱਚ ਤਾਪਮਾਨ 30 ਡਿਗਰੀ ਤੋਂ ਵੱਧ ਕੇ 37 ਡਿਗਰੀ ’ਤੇ ਪੁੱਜ ਗਿਆ ਹੈ, ਪਰ ਮੌਸਮ ਵਿਭਾਗ ਨੇ ਹੁਣ ਅੱਗੇ ਰਾਹਤ ਦੇ ਸੰਕੇਤ ਵੀ ਦਿੱਤੇ ਹਨ। 15 ਅਪਰੈਲ ਨੂੰ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਇਸ ਕਾਰਨ 16 ਤੇ 17 ਅਪਰੈਲ ਨੂੰ ਤੇਜ਼ ਹਵਾਵਾਂ ਚੱਲਣ ਨਾਲ ਸੰਘਣੇ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੇ ਆਸਾਰ ਹਨ। 



ਦੱਸ ਦੇਈਏ ਕਿ ਇਸ ਵਾਰ ਅਪਰੈਲ ਮਹੀਨੇ ਦੀ ਸ਼ੁਰੂਆਤ ’ਚ ਹੀ ਚੰਗਾ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਪ੍ਰਭਾਵ ਨਾਲ ਹਾਲੇ ਤੱਕ ਸਵੇਰੇ ਹਲਕੀ ਠੰਢ ਦਾ ਅਹਿਸਾਸ ਹੈ। ਉਧਰ, ਇਨ੍ਹਾਂ ਦਿਨਾਂ ’ਚ ਪਿਛਲੇ ਸਾਲ 40 ਡਿਗਰੀ ਜਾਂ ਇਸ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ, ਪਰ ਇਸ ਸਾਲ ਹਾਲੇ 37 ਡਿਗਰੀ ਹੋਣ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੋਈ ਹੈ। 


ਪਿਛਲੇ ਸਾਲ ਅਪਰੈਲ ’ਚ ਜ਼ਿਆਦਾਤਰ ਤਾਪਮਾਨ 44 ਡਿਗਰੀ ਕਰੀਬ ਪੁੱਜ ਗਿਆ ਸੀ, ਪਰ ਇਸ ਵਾਰ ਵੱਡੀ ਰਾਹਤ ਇਹ ਹੈ ਕਿ 38 ਡਿਗਰੀ ਤੋਂ ਥੱਲੇ ਹੀ ਪਾਰਾ ਰਿਕਾਰਡ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟੋ ਘੱਟ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਵੀ ਤਾਪਮਾਨ 39 ਡਿਗਰੀ ਤੱਕ ਹੀ ਰਹਿਣ ਦੇ ਆਸਾਰ ਹਨ।