Punjab News: ਬਠਿੰਡਾ ਦੇ ਮਾਲ ਗੋਦਾਮ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਮੰਦਰ 'ਚੋਂ ਦਾਨ ਪੇਟੀਆਂ ਅਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਹ ਚੋਰੀ ਦੀ ਕੋਈ ਪਹਿਲੀ ਵਾਰਦਾਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਮੰਦਰ ਵਿੱਚ 6 ਵਾਰੀ ਚੋਰੀ ਹੋ ਚੁੱਕੀ ਹੈ ਪਰ ਪੁਲਿਸ ਦੇ ਹੱਥ ਹਾਲੇ ਤੱਕ ਖ਼ਾਲੀ ਹਨ।
200 ਮੀਟਰ ਦੀ ਦੂਰੀ ਉੱਤੇ ਹੈ ਥਾਣਾ
ਜ਼ਿਕਰ ਕਰ ਦਈਏ ਕਿ ਚੋਰਾਂ ਦੇ ਹੌਂਸਲੇ ਕਿਸ ਤਰੀਕੇ ਨਾਲ ਬੁਲੰਦ ਹੋ ਚੁੱਕੇ ਹਨ ਇਸ ਦਾ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਮੰਦਰ ਤੋਂ ਮਹਿਜ਼ ਥਾਣੇ ਦੀ ਦੂਰੀ ਸਿਰਫ਼ 200 ਮੀਟਰ ਹੈ। ਇਸ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਉਹ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਨੂੰ ਦੇ ਰਹੇ ਹਨ। ਇਨ੍ਹਾਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਤੇ ਪ੍ਰਸ਼ਾਸਨ ਖ਼ਿਲਾਫ਼ ਗੁੱਸੇ ਦਾ ਮਾਹੌਲ ਹੈ।
ਸੀਸੀਟੀਵੀ ਤਸਵੀਰਾਂ ਤੋਂ ਬਚਣ ਲਈ ਡੀਵੀਆਰ ਵੀ ਲੈ ਕੇ ਹੋ ਗਏ ਫ਼ਰਾਰ
ਦੱਸ ਦਈਏ ਕਿ ਇਸ ਚੋਰੀ ਦਾ ਪਤਾ ਐਤਵਾਰ ਸਵੇਰੇ ਮੰਦਰ ਖੋਲ੍ਹਣ 'ਤੇ ਲੱਗਾ। ਚੋਰੀ ਕਰਨ ਆਏ ਚੋਰ ਇਸ ਕਦਰ ਸ਼ਾਤਿਰ ਸੀ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਮੰਦਰ 'ਚ ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਤਾਂ ਉਹ ਪੁਲਿਸ ਤੋਂ ਬਚਣ ਦੇ ਮਾਰੇ ਡੀਵੀਆਰ ਵੀ ਨਾਲ ਹੀ ਲੈ ਗਏ ਤਾਂ ਕਿ ਪੁਲਿਸ ਹੱਥ ਕੋਈ ਵੀ ਸੁਰਾਗ ਨਾਲ ਲੱਗੇ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਗ਼ੌਰ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ 6 ਵਾਰ ਮੰਦਰ 'ਚ ਚੋਰੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਮੰਦਰ 'ਚ ਮੱਥਾ ਟੇਕਣ ਆਏ ਸੀ ਤਾਂ ਦੇਖਿਆ ਕਿ ਮੰਦਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅੰਦਰੋਂ ਦੋ ਦਾਨ ਪੇਟੀਆਂ ਅਤੇ ਡੀਵੀਆਰ ਗ਼ਾਇਬ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਕੋਤਵਾਲੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਹਲਾਤ ਦਾ ਜਾਇਜ਼ਾ ਲਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।