ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਦੀਆਂ ਤਾਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ। ਚੋਣ ਕਮਿਸ਼ਨ ਮੁਤਾਬਕ, ਹੁਣ 20 ਨਵੰਬਰ ਨੂੰ ਵੋਟਾਂ ਪੈਣਗੀਆਂ ਜਿਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।
ਦੱਸ ਦਈਏ ਕਿ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਰੀਕ ਬਦਲ ਗਈ ਹੈ। ਚੋਣ ਕਮਿਸ਼ਨ ਨੇ ਸੋਮਵਾਰ (4 ਨਵੰਬਰ) ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਕੇਰਲ ਦੀਆਂ 15 ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਮੁੜ ਸ਼ੈਡਿਊਲ ਜਾਰੀ ਕੀਤਾ। ਹੁਣ ਵੋਟਾਂ 13 ਨਵੰਬਰ ਦੀ ਬਜਾਏ 20 ਨਵੰਬਰ ਨੂੰ ਪੈਣਗੀਆਂ। ਨਤੀਜਾ 23 ਨਵੰਬਰ ਨੂੰ ਹੀ ਆਵੇਗਾ।
ਇਨ੍ਹਾਂ ਸੂਬਿਆਂ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਮੰਗ 'ਤੇ ਤਰੀਕਾਂ 'ਚ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਪਾਰਟੀਆਂ ਵਿੱਚ ਭਾਜਪਾ, ਕਾਂਗਰਸ, ਆਰਐਲਡੀ, ਬਸਪਾ ਸ਼ਾਮਲ ਹਨ। ਪਾਰਟੀਆਂ ਦਾ ਤਰਕ ਸੀ ਕਿ ਉਸ ਦਿਨ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਹੁੰਦੇ ਹਨ। ਜਿਸ ਕਾਰਨ ਚੋਣਾਂ ਕਰਵਾਉਣ ਵਿੱਚ ਦਿੱਕਤ ਆਵੇਗੀ ਅਤੇ ਇਸ ਦਾ ਅਸਰ ਵੋਟ ਪ੍ਰਤੀਸ਼ਤਤਾ 'ਤੇ ਵੀ ਪਵੇਗਾ।
10 ਰਾਜਾਂ ਦੀਆਂ 33 ਸੀਟਾਂ ਲਈ ਤਰੀਕਾਂ ਵਿੱਚ ਕੋਈ ਬਦਲਾਅ ਨਹੀਂ
ਚੋਣ ਕਮਿਸ਼ਨ ਵੱਲੋਂ ਅੱਜ ਕੀਤੇ ਗਏ ਐਲਾਨ ਵਿੱਚ 10 ਰਾਜਾਂ ਦੀਆਂ 33 ਸੀਟਾਂ ਲਈ ਤਾਰੀਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਵ ਇੱਥੇ 13 ਨਵੰਬਰ ਨੂੰ ਹੀ ਵੋਟਿੰਗ ਹੋਵੇਗੀ। ਇਸੇ ਦਿਨ ਝਾਰਖੰਡ ਵਿਧਾਨ ਸਭਾ ਦੀਆਂ 43 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ 'ਤੇ ਵੀ ਉਪ ਚੋਣਾਂ ਹੋਣੀਆਂ ਹਨ।
ਪੰਜਾਬ ਦੀਆਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ 3 ਸੀਟਾਂ ਕਾਂਗਰਸ ਅਤੇ ਇੱਕ ਸੀਟ ਆਮ ਆਦਮੀ ਪਾਰਟੀ (ਆਪ) ਕੋਲ ਸੀ। ਇਸ ਸਾਲ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਸੀਟਾਂ ਦੇ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ।
23 ਨਵੰਬਰ ਨੂੰ ਆਉਣਗੇ ਨਤੀਜੇ
ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਸੀਟਾਂ ਤੋਂ ਇਲਾਵਾ ਕੇਂਦਰੀ ਚੋਣ ਕਮਿਸ਼ਨ ਨੇ 48 ਵਿਧਾਨ ਸਭਾ ਸੀਟਾਂ ਅਤੇ ਦੋ ਲੋਕ ਸਭਾ ਸੀਟਾਂ 'ਤੇ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਅਤੇ ਇਹ ਉਪ ਚੋਣਾਂ 13 ਨਵੰਬਰ ਅਤੇ 20 ਨਵੰਬਰ ਨੂੰ ਹੋਣੀਆਂ ਹਨ ਅਤੇ ਇਹ ਸਾਰੀਆਂ ਸੀਟਾਂ ਉੱਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ।