Shri Kartarpur Sahib : ਸ੍ਰੀ ਕਰਤਾਰਪੁਰ ਸਾਹਿਬ  (Sri Kartarpur Corridor) ਵਿੱਚ ਭਾਰੀ ਮੀਂਹ ਕਾਰਨ ਰਾਵੀ ਦਰਿਆ ਦੇ ਓਵਰਫਲੋ ਹੋਣ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਰੋਕ ਦਿੱਤੀ ਗਈ ਹੈ। ਵੀਰਵਾਰ ਨੂੰ ਤੀਰਥ ਯਾਤਰਾ ਰੱਦ ਕਰ ਦਿੱਤੀ ਗਈ ਸੀ ਪਰ ਪਾਕਿਸਤਾਨ ਸਰਕਾਰ ਨੇ ਇਸ ਨੂੰ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਵੀ ਵੀਡੀਓ ਜਾਰੀ ਕਰਕੇ ਆਮ ਸਥਿਤੀ ਬਾਰੇ ਦੱਸਿਆ ਹੈ।


ਕਰਤਾਰਪੁਰ ਲਾਂਘੇ ਦਾ ਪ੍ਰਬੰਧ ਕਰਨ ਵਾਲੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਡਿਪਟੀ ਸਕੱਤਰ ਰਾਣਾ ਤਾਰਿਕ ਨੇ ਬੀਤੀ ਸ਼ਾਮ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਵਿੱਚ ਹੜ੍ਹ ਜਾਂ ਹੜ੍ਹ ਵਰਗੀ ਸਥਿਤੀ ਨਹੀਂ ਹੈ। ਉਨ੍ਹਾਂ ਨੇ ਭਾਰਤੀ ਪੱਖ ਨੂੰ ਤੁਰੰਤ ਤੀਰਥ ਯਾਤਰਾ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।


ਇਸ ਸਮੇਂ ਜ਼ੀਰੋ ਲਾਈਨ 'ਤੇ ਹਾਲਾਤ ਠੀਕ 


ਇੱਕ ਵੀਡੀਓ ਸੰਦੇਸ਼ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਰਾਵੀ ਦਰਿਆ ਵਿੱਚ ਹੜ੍ਹ ਆਇਆ ਸੀ ਤੇ ਪਾਣੀ ਕੁੱਝ ਘੰਟਿਆਂ ਵਿੱਚ ਹੀ ਘੱਟ ਗਿਆ ਸੀ। ਉਦੋਂ ਤੋਂ ਪਾਣੀ ਦਾ ਪੱਧਰ ਕਾਫੀ ਹੇਠਾਂ ਆ ਗਿਆ ਹੈ ਤੇ ਫਿਲਹਾਲ ਜ਼ੀਰੋ ਲਾਈਨ 'ਤੇ ਹਾਲਾਤ ਆਮ ਵਾਂਗ ਹੈ।


ਉਨ੍ਹਾਂ ਮੰਗ ਕੀਤੀ ਕਿ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਬੱਸਾਂ, ਇਲੈਕਟ੍ਰਿਕ ਗੱਡੀਆਂ, ਸੁਰੱਖਿਆ ਟੀਮਾਂ ਜ਼ੀਰੋ ਲਾਈਨ 'ਤੇ ਤਿਆਰ ਹਨ ਤੇ ਗੁਰੂਘਰ ਵੀ ਸ਼ਰਧਾਲੂਆਂ ਦੀ ਉਡੀਕ ਕਰ ਰਿਹਾ ਹੈ।


ਪਾਕਿਸਤਾਨ ਕਰ ਚੁੱਕਾ ਹੈ ਸਾਰੇ ਪ੍ਰਬੰਧ ਮੁਕੰਮਲ 


ਗੋਬਿੰਦ ਸਿੰਘ ਨੇ ਵੀਡੀਓ ਵਿੱਚ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਲਾਂਘਾ ਬੰਦ ਹੋਣ ਦੇ ਬਾਵਜੂਦ, ਪੀਐਮਯੂ (PMU) , ਪੰਜਾਬ ਡਿਜ਼ਾਸਟਰ ਮੈਨੇਜਮੈਂਟ ਟੀਮਾਂ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਸਿੰਚਾਈ, ਲੋਕ ਨਿਰਮਾਣ ਵਿਭਾਗ ਆਦਿ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਹਨ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਬੱਸਾਂ, ਕਿਸ਼ਤੀਆਂ ਅਤੇ ਬਚਾਅ ਟੀਮਾਂ ਦੀ ਤਾਇਨਾਤੀ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਮੁੱਖ ਗੁਰਦੁਆਰਾ, ਪਰਿਕਰਮਾ ਦਿਖਾਉਂਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਹੜ੍ਹ ਦਾ ਪਾਣੀ ਨਹੀਂ ਹੈ।